ਬਗ ਦੀ ਚਪੇਟ ’ਚ Apple ਦੀ ‘ਫੇਸ ਟਾਈਮ’ ਐਪ, ਯੂਜ਼ਰਜ਼ ਦੀ ਪ੍ਰਾਈਵੇਸੀ ਖਤਰੇ ’ਚ

01/29/2019 1:35:29 PM

ਗੈਜੇਟ ਡੈਸਕ– ਜੇਕਰ ਤੁਸੀਂ ਆਈਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਜਾਣਕਾਰੀ ਮੁਤਾਬਕ, ਆਈਫੋਨ ਦੀ ਪ੍ਰਸਿੱਧ ਐਪ ਫੇਸ ਟਾਈਮ ’ਚ ਇਕ ਬਗ ਆ ਗਿਆ ਹੈ ਜਿਸ ਕਾਰਨ ਬਿਨਾਂ ਕਾਲ ਰਿਸੀਵ ਕੀਤੇ ਵੀ ਦੂਜੇ ਯੂਜ਼ਰਜ਼ ਦੀਆਂ ਗੱਲਾਂ ਸੁਣੀਆਂ ਜਾ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਬਗ ਕਾਰਨ ਫੇਸ ਟਾਈਮ ਕਾਲ ਰਿਸੀਵਰ ਦੇ ਫੋਨ ਨੂੰ ਇਕ ਮਾਈਕ੍ਰੋਫੋਨ ’ਚ ਬਦਲ ਦਿੰਦਾ ਹੈ, ਜਿਸ ਨਾਲ ਯੂਜ਼ਰਜ਼ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪ੍ਰਾਈਵੇਸੀ ਖਤਰੇ ’ਚ
ਇਸ ਬਗ ਕਾਰਨ ਯੂਜ਼ਰਜ਼ ਦੀ ਪ੍ਰਾਈਵੇਸੀ ਖਤਰੇ ’ਚ ਪੈ ਗਈ ਹੈ। ਦੁਨੀਆ ਭਰ ਦੇ ਰੈਗੁਲੇਟਰਾਂ ਲਈ ਇਕ ਗੰਭੀਰ ਸਮੱਸਿਆ ਬਣ ਗਈ ਹੈ। ਇਸ ਦੇ ਨਾਲ ਹੀ ਫੇਸ ਟਾਈਮ ਯੂਜ਼ਰਜ਼ ਦਾ ਵੀ ਭਰੋਸਾ ਇਸ ’ਤੇ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਰਿਸੀਵਰ ਜਦੋਂ ਇਨਕਮਿੰਗ ਕਾਲ ਰਿਸੀਵ ਨਾ ਕਰਨ ਲਈ ਪਾਵਰ ਬਟਨ ਪ੍ਰੈੱਸ ਕਰਦਾ ਹੈ, ਉਦੋਂ ਫੋਨ ’ਤੇ ਕਾਲਰ ਦੀ ਵੀਡੀਓ ਸਾਹਮਣੇ ਆਉਣ ਲੱਗਦੀ ਹੈ। ਜਿਸ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਕੰਪਨੀ ਦੀ ਪ੍ਰਤੀਕਿਰਿਆ
ਐਪਲ ਨੇ ਫਿਲਹਾਲ ਇਸ ਬਗ ਨੂੰ ਲੈ ਕੇ ਕੋਈ ਖਾਸ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਸਵਿਕਾਰ ਕੀਤਾ ਸੀ ਕਿ ਉਸ ਨੂੰ ਫੇਸ ਟਾਈਮ ’ਚ ਬਗ ਦੀ ਮੌਜੂਦਗੀ ਦੀ ਜਾਣਕਾਰੀ ਸੀ। ਕੰਪਨੀ ਨੇ ਇਹ ਵੀ ਕਿਹਾ ਸੀ ਕਿ ਉਹ ਇਸ ਸਮੱਸਿਆ ਨੂੰ ਦੂਰ ਕਰਨ ਲਈ ਜਲਦੀ ਹੀ ਇਕ ਅਪਡੇਟ ਜਾਰੀ ਕਰੇਗੀ।