ਐਪਲ ਦੇ ਨਵੇਂ ਆਈਫੋਨ ਮਾਡਲਾਂ ’ਚ ਹੋਣਗੇ ਇਹ ਸ਼ਾਨਦਾਰ ਫੀਚਰਜ਼

01/12/2019 11:23:07 AM

ਗੈਜੇਟ ਡੈਸਕ– ਆਪਣੇ ਆਈਫੋਨ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਕੰਪਨੀ ਐਪਲ ਇਸ ਸਾਲ ਨਵੇਂ ਫੀਚਰਜ਼ ਦੇ ਨਾਲ ਆਈਫੋਨ ਦੇ 3 ਮਾਡਲ ਲਾਂਚ ਕਰੇਗੀ। ਇਨ੍ਹਾਂ ’ਚ ਇਕ ਕੰਪਨੀ ਦੇ ਮਾਡਲ XR ਦੀ ਥਾਂ ਆਏਗਾ, ਉਥੇ ਹੀ ਬਾਕੀ ਦੋ ਫੋਨ XS ਅਤੇ XS MAX ਦੇ ਅਪਗ੍ਰੇਡ ਹੋਣਗੇ। ਕੰਪਨੀ ਨੇ ਕਿਹਾ ਕਿ ਆਈਫੋਨ ਦੇ ਆਉਣ ਵਾਲੇ ਮਾਡਲਾਂ ’ਚ ਨਵੇਂਕੈਮਰਾ ਫੀਚਰਜ਼ ਹੋਣਗੇ। ਆਈਫੋਨ XS MAX ਦੇ ਅਪਗ੍ਰੇਡ ਦੇ ਰੂਪ ’ਚ ਜੋ ਫੋਨ ਆਏਗਾ ਉਸ ਵਿਚ ਟ੍ਰਿਪਲ ਕੈਮਰਾ ਸੈੱਟਅਪ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲਾ ਸਾਲ ਐਪਲ ਲਈ ਚੰਗਾ ਨਹੀਂ ਰਿਹਾ। ਇਸ ਦੇ ਆਈਫੋਨਜ਼ ਦੀ ਵਿਕਰੀ ’ਚ ਚੀਨ ਦੇ ਨਾਲ ਹੀ ਹਰ ਬਾਜ਼ਾਰ ’ਚ ਗਿਰਾਵਟ ਆਈ। 

ਟ੍ਰਿਪਲ ਰੀਅਰ ਕੈਮਰਾ ਸੈੱਟਅਪ
ਦਿ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ, ਇਸ ਸਾਲ ਲਾਂਚ ਕੀਤੇ ਜਾਣ ਵਾਲੇ ਆਈਫੋਨ ਦੇ ਮਾਡਲ 2018 ’ਚ ਆਏ ਮਾਡਲਾਂ ਦੇ ਹੀ ਫਾਲੋਅਪ ਦੇ ਰੂਪ ’ਚ ਹੋਣਗੇ। ਫਿਲਹਾਲ, ਇਸ ਸਾਲ ਲਾਂਚ ਕੀਤੇ ਜਾਣ ਵਾਲੇ ਮਾਡਲਾਂ ਦੇ ਫੀਚਰਜ਼ ਬਾਰੇ ਕੁਝ ਨਹੀਂ ਦੱਸਿਆ ਗਿਆ, ਸਿਰਫ ਇੰਨਾ ਕਿਹਾ ਗਿਆ ਹੈ ਕਿ ਹਾਈਐਸਟ-ਐਂਡ ਆਈਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋਵੇਗਾ। ਆਈਫੋਨ XR ਦੇ ਫਾਲੋਅਪ ਮਾਡਲ ਦੇ ਕੈਮਰਾ ਸੈੱਟਅਪ ’ਚ ਵੀ ਬਦਲਾਅ ਹੋਵੇਗਾ। ਅਜੇ ਇਸ ਦੇ ਬੈਕ ’ਚ ਸਿਰਫ ਇਕ ਹੀ ਕੈਮਰਾ ਹੈ। 

OLED ਪੈਨਲਸ ਦਾ ਇਸਤੇਮਾਲ
ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਐਪਲ ਆਈਫੋਨ XR ’ਚ ਐੱਲ.ਸੀ.ਡੀ. ਸਕਰੀਨ ਨੂੰ ਬਣਾਈ ਰੱਖੇਗੀ। ਪਰ 2020 ’ਚ ਆਉਣ ਵਾਲੇ ਮਾਡਲਾਂ ’ਚ ਐੱਲ.ਸੀ.ਡੀ. ਸਕਰੀਨ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ ਅਤੇ ਓ.ਐੱਲ.ਈ.ਡੀ. ਪੈਨਲਸ ਦਾ ਇਸਤੇਮਾਲ ਕੀਤਾ ਜਾਵੇਗਾ ਅਜੇ ਆਈਫੋਨ XS ਅਤੇ XS MAX ’ਚ ਓ.ਐੱਲ.ਈ.ਡੀ. ਪੈਨਲਸ ਹਨ ਜਿਨ੍ਹਾਂ ਨੂੰ ਆਈਫੋਨ XR ਦੇ ਐੱਲ.ਸੀ.ਡੀ. ਪੈਨਲ ਤੋਂ ਬਿਹਤਰ ਮੰਨਿਆ ਜਾ ਰਿਹਾ ਹੈ।

ਸਟਰੀਮਿੰਗ ਟੀਵੀ ਪਲੇਟਫਾਰਮ
ਦੱਸ ਦੇਈਏ ਕਿ ਆਈਫੋਨ ਦੇ ਜੋ ਫਾਲੇਅਪ ਮਾਡਲਸ ਆਉਣੇ ਹਨ, ਉਨ੍ਹਾਂ ਦੀ ਪਰਫਾਰਮੈਂਸ ਨੂੰ ਲੈ ਕੇ ਕੰਪਨੀ ’ਤੇ ਕਾਫੀ ਦਬਾਅ ਹੈ। ਉਥੇ ਹੀ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਕੰਪਨੀ ਆਈਫੋਨ ਦੀਆਂ ਕੀਮਤਾਂ ਨੂੰ ਲੈ ਕੇ ਕੋਈ ਨਵੀਂ ਯੋਜਨਾ ਬਣਾਉਂਦੀ ਹੈ ਜਾਂ ਨਹੀਂ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਦੇ ਕਈ ਬਾਜ਼ਾਰਾਂ ’ਚ ਆਈਫੋਨ ਦੀ ਸੇਲ ’ਚ ਕਮੀ ਆਉਣ ਦੇ ਪਿੱਛੇ ਉਸ ਦੀਆਂ ਕੀਮਤਾਂ ਦਾ ਜ਼ਿਆਦਾ ਹੋਣਾ ਵੀ ਇਕ ਵੱਡਾ ਕਾਰਨ ਹੈ। ਇਸ ਹਫਤੇ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਕਿਹਾ ਸੀ ਕਿ ਕੰਪਨੀ ਇਸ ਸਾਲ ਲਈ ਕੁਝ ਨਵੀਆਂ ਸੇਵਾਵਾਂ ਬਾਰੇ ਵੀ ਐਲਾਨ ਕਰੇਗੀ। ਉਂਝ ਤਾਂ ਉਨ੍ਹਾਂ ਇਸ ਬਾਰੇ ਜ਼ਿਆਦਾ ਖੁਲਾਸਾ ਨਹੀੰ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਸਟਰੀਮਿੰਗ ਟੀਵੀ ਪਲੇਟਫਾਰਮ ਨੂੰ ਵੀ ਇਸ ਸਾਲ ਲਾਂਚ ਕਰ ਸਕਦੀ ਹੈ।