ਆਈਫੋਨ ’ਚ ਘਟੀ ਲੋਕਾਂ ਦੀ ਦਿਲਚਸਪੀ, ਐਪਲ ਨੇ ਘਟਾਈ ਪ੍ਰੋਡਕਸ਼ਨ

01/09/2019 5:10:41 PM

ਗੈਜੇਟ ਡੈਸਕ– ਐਪਲ ਆਈਫੋਨ ਦੇ ਪ੍ਰੋਡਕਸ਼ਨ ’ਚ ਕਮੀ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਪਲ ਦੇ ਮੁਨਾਫੇ ’ਚ ਪਿਛਲੇ ਸਾਲ ਲਗਾਤਾਰ ਕਮੀ ਆਉਂਦੀ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਪਲ ਦੀ ਆਮਦਨ ’ਚ 5 ਬਿਲੀਅਨ ਡਾਲਰ ਦੀ ਭਾਰੀ ਗਿਰਾਵਟ ਆਈ ਹੈ। ਐਪਲ ਦੇ ਆਈਫੋਨਸ ਦੀ ਵਿਕਰੀ ਵੀ ਘਟੀ ਹੈ। ਸਮਾਰਟਫੋਨ ਬਾਜ਼ਾਰ ’ਚ ਮੁਕਾਬਲੇਬਾਜ਼ੀ ਵਧਦੀ ਜਾ ਰਹੀ ਹੈ, ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਵਿਚਾਲੇ ਜੋ ਟ੍ਰੇਡ ਵਾਰ ਜਾਰੀ ਹੈ ਉਸ ਦਾ ਅਸਰ ਵੀ ਐਪਲ ਦੇ ਪੂਰੇ ਵਪਾਰ ’ਤੇ ਪਿਆ ਹੈ। ਜਾਣਕਾਰੀ ਮੁਤਾਬਕ, ਐਪਲ ਆਪਣੇ ਪੁਰਾਣੇ ਅਤੇ ਨਵੇਂ ਸਾਰੇ ਮਾਡਲ ਦੇ ਆਈਫੋਨ ਦੇ ਉਤਪਾਦਨ ’ਚ ਕਟੌਤੀ ਕਰੇਗੀ। ਇਨ੍ਹਾਂ ’ਚ ਉਸ ਦੇ XS Max, XS ਅਤੇ XR ਮਾਡਲ ਵੀ ਸ਼ਾਮਲ ਹਨ ਅਤੇ ਉਤਪਾਦਨ ’ਚ ਕੁਲ ਕਟੌਤੀ 10 ਫੀਸਦੀ ਹੋਵੇਗੀ। 

ਸੂਤਰਾਂ ਮੁਤਾਬਕ, ਪਹਿਲਾਂ ਤੋਂ ਤੈਅ ਕੀਤੇ 43 ਮਿਲੀਅਨ ਅਈਫੋਨ ਦੀ ਥਾਂ ਕੰਪਨੀ 40 ਫੀਸਦੀ ਆਈਫੋਨ ਦਾ ਹੀ ਉਤਪਾਦਨ ਕਰੇਗੀ। ਪਹਿਲਾਂ ਕੰਪਨੀ ਨੇ ਸਾਲ 2019 ਦੀ ਪਹਿਲੀ ਤਿਮਾਹੀ ’ਚ 47 ਤੋਂ 48 ਮਿਲੀਅਨ ਆਈਫੋਨ ਦੇ ਉਤਪਾਦ ਦਾ ਟੀਚਾ ਰੱਖਿਆ ਸੀ। ਇਹ ਟੀਚਾ ਪਹਿਲਾਂ ਦੀ ਵਿਕਰੀ ਦੇ ਅੰਕੜਿਆਂ ਨੂੰ ਧਿਆਨ ’ਚ ਰੱਖ ਕੇ ਤੈਅ ਕੀਤਾ ਗਿਆ ਸੀ। ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਕੰਪਨੀ ਨੇ 52.21 ਮਿਲੀਅਨ ਆਈਫੋਨ ਵੇਚੇ ਸਨ।

ਨਵੰਬਰ, 2018 ’ਚ ਐਪਲ ਨੇ ਆਈਫੋਨ XR ਦੇ ਉਤਪਾਦਨ ’ਚ ਵਾਧੇ ਦਾ ਪਲਾਨ ਰੱਦ ਕਰ ਦਿੱਤਾ ਸੀ। ਜਦੋਂ ਟਿਮ ਕੁੱਕ ਤੋਂ ਪੁੱਛਿਆ ਗਿਆ ਕਿ ਕੀ ਐਪਲ ਦਾ ਈਫੋਨ XR ਫੇਲ ਸਾਬਤ ਹੋਇਆ ਹੈ, ਉਨ੍ਹਾਂ ਕਿਹਾ ਸੀ ਕਿ ਇਹ ਐਪਲ ਦਾ ਸਭ ਤੋਂ ਪ੍ਰਸਿੱਧ ਫੋਨ ਹੈ ਅਤੇ ਜਦੋਂ ਤੋਂ ਇਹ ਲਾਂਚ ਕੀਤਾ ਗਿਆ, ਉਸ ਦੀ ਮੰਗ ਵਧਦੀ ਜਾ ਰਹੀ ਹੈ। ਬਾਵਜੂਦ ਇਸ ਦੇ ਇਸ ਸਾਲ ਆਈਫੋਨ ਦੇ ਹਰ ਮਾਡਲ ਦੇ ਉਤਪਾਦ ’ਚ ਕਮੀ ਕੀਤੀ ਜਾਵੇਗੀ।