ਨਵੇਂ iPhone ’ਚ ਯੂਜ਼ਰਜ਼ ਦੀ ‘ਸਭ ਤੋਂ ਵੱਡੀ ਸ਼ਿਕਾਇਤ’ ਦੂਰ ਕਰੇਗੀ ਐਪਲ

01/17/2020 3:43:12 PM

ਗੈਜੇਟ ਡੈਸਕ– ਐਪਲ ਕਦੇ ਵੀ ਆਉਣ ਵਾਲੇ ਨਵੇਂ ਆਈਫੋਨ ਦੇ ਫੀਚਰਜ਼ ਨਾਲ ਜੁੜੀ ਜਾਣਕਾਰੀ ਸ਼ੇਅਰ ਨਹੀਂ ਕਰਦੀ। ਖਾਸਤੌਰ ’ਤੇ ਆਈਫੋਨਜ਼ ਦੀ ਰੈਮ ਅਤੇ ਬੈਟਰੀ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ। ਢੇਰਾਂ ਯੂਜ਼ਰਜ਼ ਅਤੇ ਕ੍ਰਿਟਿਕਸ ਵਲੋਂ ਹਮੇਸ਼ਾ ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ ਕਿ ਕੰਪਨੀ ਆਈਫੋਨ ’ਚ ਹਾਈ ਬੈਟਰੀ ਜਾਂ ਰੈਮ ਕਪੈਸਿਟੀ ਨਹੀਂ ਦਿੰਦੀ। ਹੁਣ ਅਜਿਹੇ ਸੰਕੇਤ ਮਿਲੇ ਹਨ ਕਿ ਐਪਲ ਯੂਜ਼ਰਜ਼ ਦੀ ਇਹ ਸ਼ਿਕਾਇਤ ਦੂਰ ਕਰਨ ਜਾ ਰਹੀ ਹੈ। 

MacRumors ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਇਸ ਸਾਲ ਲਾਂਚ ਹੋਣ ਵਾਲੇ ਆਪਣੇ ਘੱਟੋ-ਘੱਟ ਦੋ ਆਈਫੋਨ ਮਾਡਲਾਂ ’ਚ 6 ਜੀ.ਬੀ. ਰੈਮ ਦੇ ਸਕਦੀ ਹੈ। ਰਿਪੋਰਟ ’ਚ ਯੂ.ਐੱਸ.ਬੀ. ਐਨਾਲਿਸਟ ਟਿਮੋਥੀ ਆਰਕਰੀ ਵਲੋਂ ਸ਼ੇਅਰ ਕੀਤੇ ਗਏ ਇਕ ਰਿਸਰਚ ਨੋਟ ਦੇ ਹਵਾਲੇ ਤੋਂ ਕੁਝ ਡਿਟੇਲ ਪਤਾ ਲੱਗੀ ਹੈ। ਰਿਸਰਚ ਨੋਟ ’ਚ ਕਿਹਾ ਗਿਆ ਹੈ ਕਿ ਇਸ ਸਾਲ ਲਾਂਚ ਹੋਣ ਵਾਲੇ ਆਈਫੋਨ ਮਾਡਲਾਂ ’ਚੋਂ ਦੋ ਨੂੰ 6 ਜੀ.ਬੀ. ਅਤੇ ਦੋ ਨੂੰ 4 ਜੀ.ਬੀ. ਰੈਮ ਦੇ ਨਾਲ ਲਾਂਚ ਕੀਤਾ ਜਾਵੇਗਾ। ਨਾਲ ਹੀ ਪਹਿਲਾਂ ਨਾਲੋਂ ਬਿਹਤਰ ਬੈਟਰੀ ਪਰਫਾਰਮੈਂਸ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। 

ਚਾਰ ਮਾਡਲ ਹੋਣਗੇ ਲਾਂਚ
ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ 2020 ’ਚ ਲਾਂਚ ਹੋਣ ਵਾਲੇ ਸਾਰੇ 2020 ਆਈਫੋਨਜ਼ ’ਚ ਇਕ ਤੋਂ ਜ਼ਿਆਦਾ ਕੈਮਰਾ ਸੈਂਸਰ ਰੀਅਰ ਪੈਨਲ ’ਤੇ ਦਿੱਤੇ ਜਾਣਗੇ। ਐਪਲ 6 ਜੀ.ਬੀ. ਰੈਮ ਵਾਲੇ ਆਈਫੋਨ ਮਾਡਲਾਂ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ 3ਡੀ ਸੈਂਸਿੰਗ ਦੇ ਨਾਲ ਦੇ ਸਕਦੀ ਹੈ। ਇਹ ਦੋਵੇਂ ਆਈਫੋਨ ਮਾਡਲ ਵੱਖ-ਵੱਖ ਸਕਰੀਨ ਸਾਈਜ਼ ’ਚ ਲਾਂਚ ਕੀਤੇ ਜਾ ਸਕਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਇਨ੍ਹਾਂ ’ਚ 6.7 ਇੰਚ ਅਤੇ 6.1 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ। ਉਥੇ ਹੀ ਬਾਕੀ ਦੋ ਆਈਫੋਨ 4 ਜੀ.ਬੀ. ਰੈਮ ਦੇ ਨਾਲ ਆਉਣਗੇ ਅਤੇ ਇਨ੍ਹਾਂ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ। 

ਮਿਲੇਗੀ 5ਜੀ ਕੁਨੈਕਟੀਵਿਟੀ
4 ਜੀ.ਬੀ. ਰੈਮ ਵਾਲੇ ਆਈਫੋਨ ਮਾਡਲਾਂ ਨੂੰ 6.1 ਇੰਚ ਅਤੇ 5.4 ਇੰਚ ਡਿਸਪਲੇਅ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਨਵੰਬਰ ’ਚ ਵੀ ਬਰਕਲੇ ਦੇ ਐਨਾਲਿਸਟ ਬਲੇਨ ਕਰਟਿਸ ਨੇ ਕਿਹਾ ਸੀ ਕਿ ਐਪਲ ਦੀ ਸਪਲਾਈ ਚੇਨ ਤੋਂ ਮਿਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ 2020 ’ਚ ਲਾਂਚ ਹੋਣ ਵਾਲੇ ਆਈਫੋਨ 12 ਪ੍ਰੋ ਮੈਕਸ ਅਤੇ ਆਈਫੋਨ 12 ਪ੍ਰੋ ’ਚ 6 ਜੀ.ਬੀ. ਰੈਮ ਦਿੱਤੀ ਜਾਵੇਗੀ। ਪਿਛਲੇ ਮਹੀਨੇ ਐਪਲ ਟਿਪਸਟਰ ਮਿੰਗ ਚੀ ਕੁਓ ਵਲੋਂ ਵੀ ਇਨ੍ਹਾਂ ਸਕਰੀਨ ਸਾਈਜ਼ ਦਾ ਜ਼ਿਕਰ ਕੀਤਾ ਗਿਆ ਸੀ। ਨਾਲ ਹੀ ਨਵੇਂ ਆਈਫੋਨਜ਼ ’ਚ ਓ.ਐੱਲ.ਈ.ਡੀ. ਡਿਸਪਲੇਅ ਤੋਂ ਇਲਾਵਾ 5ਜੀ ਕੁਨੈਕਟੀਵਿਟੀ ਵੀ ਮਿਲ ਸਕਦੀ ਹੈ।