ਐਂਡਰਇਡ 13 ਅਪਡੇਟ ਹੁੰਦੇ ਹੀ Pixel ਫੋਨ ’ਚ ਆਉਣ ਲੱਗੀ ਇਹ ਸਮੱਸਿਆ, ਯੂਜ਼ਰਸ ਪਰੇਸ਼ਾਨ

08/20/2022 3:45:16 PM

ਗੈਜੇਟ ਡੈਸਕ– ਗੂਗਲ ਨੇ ਹਾਲ ਹੀ ’ਚ ਪਿਕਸਲ ਫੋਨ ਲਈ ਐਂਡਰਾਇਡ 13 ਦੀ ਅਪਡੇਟ ਜਾਰੀ ਕੀਤੀ ਹੈ। ਐਂਡਰਾਇਡ 13 ਦੇ ਨਾਲ ਕਈ ਫੀਚਰਜ਼ ਵੀ ਆਏ ਹਨ ਪਰ ਇਕ ਵੱਡਾ ਬਗ ਵੀ ਆਇਆ ਹੈ। ਐਂਡਰਾਇਡ 13 ਦੀ ਅਪਡੇਟ ਤੋਂ ਬਾਅਦ ਪਿਕਸਲ ਫੋਨ ਦੀ ਵਾਇਰਲੈੱਸ ਚਾਰਜਿੰਗ ਬੰਦ ਹੋ ਗਈ ਹੈ। ਕਈ ਯੂਜ਼ਰਸ ਨੇ ਇਸਦੀ ਸ਼ਿਕਾਇਤ ਕੀਤੀ ਹੈ। 9To5Google ਦੀ ਇਕ ਰਿਪੋਰਟ ਮੁਤਾਬਕ, ਐਂਡਰਾਇਡ 13 ਦੀ ਅਪਡੇਟ ਤੋਂ ਬਾਅਦ ਪਿਕਸਲ ਫੋਨ ਦੇ ਯੂਜ਼ਰਸ ਦੀ ਵਾਇਰਲੈੱਸ ਚਾਰਜਿੰਗ ਬੰਦ ਹੋ ਗਈ ਹੈ। ਇਸਦੀ ਜਾਣਕਾਰੀ ਯੂਜ਼ਰਸ ਨੇ ਰੈਡਿਟ ’ਤੇ ਪੋਸਟ ਰਾਹੀਂ ਦਿੱਤੀ ਹੈ। 

ਐਂਡਰਾਇਡ 13 ਦੀ ਅਪਡੇਟ ਤੋਂ ਬਾਅਦ ਵਾਇਰਲੈੱਸ ਚਾਰਜਿੰਗ ਦੀ ਸਮੱਸਿਆ ਸਿਰਫ ਨਵੇਂ ਪਿਕਸਲ ਫੋਨ ’ਚ ਹੀ ਨਹੀਂ ਸਗੋਂ ਪਿਕਸਲ 4 ਅਤੇ ਪਿਕਸਲ 4 ਐਕਸ ਐੱਲ ਵਰਗੇ ਮਾਡਲਾਂ ’ਚ ਵੀ ਵੇਖਣ ਨੂੰ ਮਿਲ ਰਹੀ ਹੈ। ਇਕ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਸੇਫ ਮੋਡ ’ਚ ਰੀ-ਬੂਟ ਕਰਨ ਤੋਂ ਬਾਅਦ ਇਹ ਸਮੱਸਿਆ ਦੂਰ ਹੋ ਜਾ ਰਹੀ ਹੈ, ਹਾਲਾਂਕਿ, ਇਕ ਹੋਰ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਇਹ ਤਰੀਕਾ ਉਨ੍ਹਾਂ ਦੇ ਫੋਨ ’ਚ ਕੰਮ ਨਹੀਂ ਕਰ ਰਿਹਾ। 

ਐਂਡਰਾਇਡ 13 ਦੇ ਨਾਲ ਕਈ ਹੋਰ ਸਮੱਸਿਆਵਾਂ ਵੀ ਆਈਆਂ ਹਨ। ਕੁਝ ਯੂਜ਼ਰਸ ਨੂੰ ਐਂਡਰਾਇਡ 13 ਦੀ ਅਪਡੇਟ, ਐਂਡਰਾਇਡ 12 ਦੇ ਨਾਂ ਨਾਲ ਆਈ ਹੈ ਜੋ ਕਿ ਹੈਰਾਨ ਕਰਨ ਵਾਲਾ ਹੈ। ਗੂਗਲ ਨੇ ਅਜੇ ਤਕ ਇਸ ਮਸਲੇ ’ਤੇ ਕੋਈ ਬਿਆਨ ਨਹੀਂ ਦਿੱਤੀ ਅਤੇ ਨਾ ਹੀ ਕੋਈ ਨਵੀਂ ਅਪਡੇਟ ਜਾਰੀ ਕੀਤੀ ਹੈ। 

ਇਸੇ ਸਾਲ ਮਈ ’ਚ ਗੂਗਲ ਨੇ Google I/O 2022 ਈਵੈਂਟ ’ਚ ਐਂਡਰਾਇਡ 13 ਦੀ ਪਹਿਲੀ ਝਲਕ ਵਿਖਾਈ ਸੀ। ਗੂਗਲ ਨੇ ਕਿਹਾ ਹੈ ਕਿ ਐਂਡਰਾਇਡ 13 ਦੀ ਅਪਡੇਟ ਜਲਦ ਹੀ Samsung Galaxy, Asus, HMD (Nokia), iQOO, Motorola, OnePlus, Oppo, Realme, Sharp, Sony, Tecno, Vivo, Xiaomi ਅਤੇ ਹੋਰ ਕੰਪਨੀਆਂ ਦੇ ਫੋਨ ਲਈ ਇਸ ਸਾਲ ਦੇ ਅਖੀਰ ਤਕ ਜਾਰੀ ਕੀਤੀ ਜਾਵੇਗੀ।

Rakesh

This news is Content Editor Rakesh