4G ਡਾਊਨਲੋਡਿੰਗ ਸਪੀਡ ’ਚ ਏਅਰਟੈੱਲ ਨੇ ਮਾਰੀ ਬਾਜ਼ੀ, ਅਪਲੋਡਿੰਗ ’ਚ Idea ਅੱਗੇ

10/23/2019 11:11:53 AM

ਗੈਜੇਟ ਡੈਸਕ– ਓਪਨ ਸਿਗਨਲ ਦੀ ਤਾਜ਼ਾ ਰਿਪੋਰਟ ’ਚ ਏਅਰਟੈੱਲ ਨੇ 4ਜੀ ਡਾਊਨਲੋਡਿੰਗ ਸਪੀਡ ਦੇ ਮਾਮਲੇ ’ਚ ਜਿਓ ਨੂੰ ਪਿੱਛੇ ਛੱਡ ਦਿੱਤਾ ਹੈ। ਓਪਨ ਸਿਗਨਲ ਦੀ ਰਿਪੋਰਟ ਮੁਤਾਬਕ, ਅਕਤੂਬਰ 2019 ’ਚ ਏਅਰਟੈੱਲ ਦੀ ਔਸਤ ਡਾਊਨਲੋਡਿੰਗ ਸਪੀਡ 9.6Mbps ਰਹੀ। ਉਥੇ ਹੀ ਇਸ ਦੌਰਾਨ 7.9Mbps ਦੀ ਸਪੀਡ ਨਾਲ ਵੋਡਾਫੋਨ ਦੂਜੇ ਨੰਬਰ ’ਤੇ ਅਤੇ 7.6Mbps ਦੀ ਸਪੀਡ ਨਾਲ ਆਈਡੀਆ ਤੀਜੇ ਨੰਬਰ ’ਤੇ ਰਹੀ। ਇਸ ਵਾਰ ਜਿਓ 6.7Mbps ਦੀ ਡਾਊਨਲਡਿੰਗ ਸਪੀਡ ਦੇ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਟਰਾਈ ਨੇ ਪਿਛਲੇ ਮਹੀਨੇ ਰਿਲਾਇੰਸ ਜਿਓ ਨੂੰ ਸਭ ਤੋਂ ਤੇਜ਼ ਨੈੱਟਵਰਕ ਕਰਾਰ ਦਿੱਤਾ ਹੈ। 

4ਜੀ ਉਪਲੱਬਧਤਾ ਦੀ ਗੱਲ ਕਰੀਏ ਤਾਂ ਇਸ ’ਚ ਜਿਓ ਸਭ ਤੋਂ ਅੱਗੇ ਹੈ। ਜਿਓ ਦੀ 4ਜੀ ਉਪਲੱਬਧਤਾ 97.8 ਫੀਸਦੀ ਹੈ। ਉਥੇ ਹੀ ਏਅਰਟੈੱਲ ਦੀ 4ਜੀ ਉਪਲੱਬਧਤਾ 89.2 ਫੀਸਦੀ, ਵੋਡਾਫੋਨ ਦੀ 76.9 ਫੀਸਦੀ ਅਤੇ ਆਈਡੀਆ ਦੀ 77.4 ਫੀਸਦੀ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੇ 32 ਸ਼ਹਿਰਾਂ ’ਚ ਜਿਓ ਦੇ 98 ਫੀਸਦੀ ਗਾਹਕਾਂ ਤਕ 4ਜੀ ਦੀ ਪਹੁੰਚ ਹੋ ਗਈ ਹੈ। ਇਹ ਰਿਪੋਰਟ ਪਿਛਲੇ ਤਿੰਨ ਮਹੀਨੇ ਯਾਨੀ 1 ਜੂਨ 2019 ਤੋਂ ਲੈ ਕੇ ਹੁਣ ਤਕ ਦੇ ਆਧਾਰ ’ਤੇ ਲਿਖੀ ਗਈ ਹੈ। ਇਹ ਸਰਵੇ ਦੇਸ਼ ਦੇ 42 ਸ਼ਹਿਰਾਂ ’ਚ 76.77 ਲੱਖ ਡਿਵਾਈਸਿਜ਼ ’ਤੇ ਕੀਤਾ ਗਿਆ ਹੈ।