Vodafone-Idea ਤੋਂ ਬਾਅਦ ਏਅਰਟੈੱਲ ਨੇ ਵੀ ਦਿੱਤਾ ਗਾਹਕਾਂ ਨੂੰ ਝਟਕਾ, ਜਲਦੀ ਵਧਣਗੇ ਟੈਰਿਫ ਪਲਾਨਜ਼

11/19/2019 4:41:51 PM

ਨਵੀਂ ਦਿੱਲੀ : ਵਿਤੀ ਸੰਕਟ ਕਾਰਣ ਕੰਪਨੀ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੇ ਇਕ ਦਸੰਬਰ ਤੋਂ ਮੋਬਾਈਲ ਸਰਵਿਸਿਜ਼ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਕਰਜ਼ਾਈ ਹੋਈ ਕੰਪਨੀ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਵੋਡਾਫੋਨ-ਆਈਡੀਆ ਨੇ ਇਕ ਬਿਆਨ 'ਚ ਕਿਹਾ, ''ਆਪਣੇ ਗਾਹਕਾਂ ਨੂੰ ਗਲੋਬਲ ਡਿਜ਼ੀਟਲ ਤਜ਼ਰਬੇ ਲਈ ਕੰਪਨੀ 1 ਦਸੰਬਰ 2019 ਤੋਂ ਆਪਣੇ ਟੈਰਿਫ ਦੀਆਂ ਕੀਮਤਾਂ ਵਧਾਏਗੀ। ਹਾਲਾਂਕਿ ਕੰਪਨੀ ਨੇ ਫਿਲਹਾਲ ਟੈਰਿਫ 'ਚ ਪ੍ਰਸਤਾਵਿਤ ਵਾਧੇ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ।

ਭਾਰਤੀ ਏਅਰਟੈੱਲ ਨੇ ਵੀ ਸੋਮਵਾਰ ਨੂੰ ਕਿਹਾ ਕਿ ਕੰਪਨੀ ਦਸੰਬਰ 'ਚ ਸਰਵਿਸ ਲਈ ਕੀਮਤਾਂ ਵਧਾਉਣਾ ਸ਼ੁਰੂ ਕਰੇਗੀ ਤਾਂ ਜੋ ਵਪਾਰ ਨੂੰ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟੈਲੀਕਾਮ ਸੈਕਟਰ 'ਚ ਕਾਫੀ ਬਜਟ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਇਸ 'ਚ ਲਗਾਤਾਰ ਨਿਵੇਸ਼ ਕਰਨਾ ਪੈਂਦਾ ਹੈ। ਇਸ ਮੁਤਾਬਕ ਏਅਰਟੈੱਲ ਦਸੰਬਰ ਤੋਂ ਆਪਣਾ ਟੈਰਿਫ ਵਧਾਏਗੀ।

ਵੋਡਾਫੋਨ-ਆਈਡੀਆ ਨੂੰ ਚਾਲੂ ਵਿਤ ਸਾਲ ਦੇ ਦੂਜੇ ਕੁਆਰਟਰ 'ਚ 50,922 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਕਿਸੇ ਭਾਰਤੀ ਕੰਪਨੀ ਦਾ ਇਕ ਕੁਆਰਟਰ 'ਚ ਇਹ ਹੁਣ ਤਕ ਦਾ ਸਭ ਤੋਂ ਵੱਡਾ ਨੁਕਸਾਨ ਹੈ। ਵਿਵਸਥਿਤ ਕੁਲ ਆਮਦਨੀ (ਏ. ਜੀ. ਆਰ.) ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਬਕਾਏ ਦੇ ਭੁਗਤਾਨ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ ਦੀ ਵਜ੍ਹਾ ਨਾਲ ਉਸ ਨੂੰ ਇਹ ਨੁਕਸਾਨ ਹੋਇਆ ਹੈ।

ਕੋਰਟ ਨੇ ਸਰਕਾਰ ਦੇ ਪੱਖ 'ਚ ਫੈਸਲਾ ਸੁਣਾਉਂਦਿਆਂ ਵੋਡਾਫੋਨ-ਆਈਡੀਆ ਸਣੇ ਹੋਰ ਟੈਲੀਕਾਮ ਕੰਪਨੀਆਂ ਨੂੰ ਬਕਾਏ ਦਾ ਭੁਗਤਾਨ ਦੂਰ ਸੰਚਾਰ ਵਿਭਾਗ ਨੂੰ ਕਰਨ ਦਾ ਹੁਕਮ ਦਿੱਤਾ ਹੈ। ਵੋਡਾਫੋਨ-ਆਈਡੀਆ ਨੇ ਕਿਹਾ ਕਿ ਹੁਣ ਕਾਰੋਬਾਰ ਜਾਰੀ ਰੱਖਣ ਦੀ ਉਸ ਦੀ ਸਮਰੱਥਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸ ਨੂੰ ਸਰਕਾਰੀ ਰਾਹਤ ਮਿਲੇਗੀ ਜਾਂ ਨਹੀਂ ਅਤੇ ਕਾਨੂੰਨੀ ਬਦਲਾਂ ਦੇ ਨਤੀਜੇ ਕੀ ਹੁੰਦੇ ਹਨ। ਦੂਰ ਸੰਚਾਰ ਖੇਤਰ 'ਚ ਗੰਭੀਰ ਵਿਤੀ ਸੰਕਟ ਨੂੰ ਸਾਰੇ ਹਿੱਸੇਦਾਰਾਂ ਨੇ ਮੰਨਿਆ ਹੈ ਅਤੇ ਕੈਬਨਿਟ ਸਕੱਤਰ ਦੀ ਪ੍ਰਧਾਨੀ 'ਚ ਇਕ ਉੱਚ ਪੱਧਰੀ ਕਮੇਟੀ ਵੱਡੀ ਰਾਹਤ ਦੇਣ 'ਤੇ ਵਿਚਾਰ ਕਰ ਰਹੀ ਹੈ।