ਭਾਰਤ ਦੇ 1.5 ਕਰੋੜ ਸਮਾਰਟਫੋਨ ’ਚ ਆਇਆ ਖਤਰਨਾਕ ਵਾਇਰਸ, ਚੋਰੀ ਹੋ ਸਕਦੈ ਬੈਂਕਿੰਗ ਡਾਟਾ

07/11/2019 2:09:59 PM

ਗੈਜੇਟ ਡੈਸਕ– ਸਾਈਬਰ ਸਕਿਓਰਿਟੀ ਨਾਲ ਜੁੜਿਆ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਦੇਸ਼ ਦੇ 1.5 ਕਰੋੜ ਐਂਡਰਾਇਡ ਡਿਵਾਈਸਿਜ਼ ਬਿਨਾਂ ਯੂਜ਼ਰਜ਼ ਦੀ ਜਾਣਕਾਰੀ ਦੇ ਮਾਲਵੇਅਰ ਹਮਲੇ ਦਾ ਸ਼ਿਕਾਰ ਹੋ ਗਏ ਹਨ। ਚੈੱਕ ਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ, ਇਕ ਨਵੀਂ ਕਿਸਮ ਦੇ ਮਾਲਵੇਅਰ ਨੇ ਬੜੀ ਚਲਾਕੀ ਨਾਲ ਦੁਨੀਆ ਭਰ ਦੇ 2.5 ਕਰੋੜ ਡਿਵਾਈਸਿਜ਼ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਜਿਸ ਵਿਚ 1.5 ਕਰੋੜ ਮੋਬਾਇਲ ਡਿਵਾਈਸ ਭਾਰਤ ’ਚ ਹਨ। 

ਰਿਪੋਰਟ ਮੁਤਾਬਕ, ਇਹ ਮਾਲਵੇਅਰ ਗੂਗਲ ਦੀ ਕਿਸੇ ਐਪਲੀਕੇਸ਼ਨ ਵਰਗਾ ਲੱਗਦਾ ਹੈ। ਇਸ ਮਾਲਵੇਅਰ ਬਾਰੇ ਹੁਣ ਤਕ ਜਿੰਨੀ ਜਾਣਕਾਰੀ ਮਿਲੀ ਹੈ ਉਸ ਮੁਤਾਬਕ, ਇਹ ਐਂਡਰਾਇਡ ਡਿਵਾਈਸਿਜ਼ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹੀ ਫੋਨ ’ਚ ਇੰਸਟਾਲ ਐਪਸ ਨੂੰ ਰਿਪਲੇਸ ਕਰਕੇ ਐਪ ਦੇ ਮਲੀਸ਼ਸ ਵਰਜਨ ਨੂੰ ਇੰਸਟਾਲ ਕਰ ਦਿੰਦਾ ਹੈ। 

ਚੈੱਕ ਪੁਆਇੰਟ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ‘Agent Smith’ ਨਾਂ ਦਾ ਇਹ ਮਾਲਵੇਅਰ ਡਿਵਾਈਸ ਨੂੰ ਬੜੀ ਆਸਾਨੀ ਨਾਲ ਪੂਰਾ ਐਕਸੈਸ ਕਰ ਲੈਂਦਾ ਹੈ। ਇਸ ਰਾਹੀਂ ਇਹ ਯੂਜ਼ਰਜ਼ ਨੂੰ ਫਾਈਨੈਂਸ਼ੀਅਲ ਪ੍ਰੋਫਿਟ ਵਾਲੇ ਵਿਗਿਆਪਨ ਦਿਖਾਉਂਦਾ ਹੈ ਜਿਸ ਦਾ ਇਸਤੇਮਾਲ ਯੂਜ਼ਰਜ਼ ਦੀ ਬੈਂਕਿੰਗ ਡਿਟੇਲਸ ਚੋਰੀ ਕਰਨ ਲਈਕੀਤਾ ਜਾ ਸਕਦਾ ਹੈ। ਇਸ ਮਾਲਵੇਅਰ ਦੇ ਕੰਮ ਕਰਨ ਦਾ ਤਰੀਕਾ ਪਹਿਲਾਂ ਆਏ ਮਾਲਵੇਅਰ ਕੈਂਪੇਨ ਜਿਵੇਂ- Gooligan, Hummingbad ਅਤੇ CopyCat ਨਾਲ ਕਾਫੀ ਮਿਲਦਾ-ਜੁਲਦਾ ਹੈ। 
 
‘ਏਜੰਟ ਸਮਿਥ’ ਨੂੰ ਪਹਿਲੀ ਵਾਰ ਥਰਡ ਪਾਰਟੀ ਐਪ ਸਟੋਰ 9Apps ਤੋਂ ਡਾਊਨਲੋਡ ਕੀਤਾ ਗਿਆ। ਇਹ ਜ਼ਿਆਦਾਤਰ ਹਿੰਦੀ, ਅਰੈਬਿਕ, ਰਸ਼ੀਅਨ ਅਤੇ ਇੰਡੋਨੇਸ਼ੀਅਨ ਯੂਜ਼ਰਜ਼ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਹੁਣ ਤਕ ਭਾਰਤੀ ਯੂਜ਼ਰ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉਥੇ ਹੀ ਬੰਗਲਾਦੇਸ਼ ਅਤੇ ਪਾਕਿਸਤਾਨ ’ਚ ਵੀ ਇਹ ਮਾਲਵੇਅਰ ਕਾਫੀ ਯੂਜ਼ਰਜ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ। 

ਪੱਛਮੀ ਦੇਸ਼ਾਂ ਦੀ ਗੱਲ ਕਰਏ ਤਾਂ ਯੂ.ਕੇ. ਆਸਟ੍ਰੇਲੀਆ ਅਤੇ ਅਮਰੀਕਾ ’ਚ ਵੀ ਇਸ ਮਾਲਵੇਅਰ ਹਮਲੇ ਦੀਆਂ ਸੁਣਨ ’ਚ ਆ ਰਹੀਆਂ ਹਨ। 9Apps ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਲਗਾਤਾਰ ਗੂਗਲ ਦੇ ਸੰਪਰਕ ’ਚ ਹੈ। ਫਿਲਹਾਲ ਪਲੇਅ ਸਟੋਰ ’ਤੇ ਕੋਈ ਮਲੀਸ਼ਸ ਐਪ ਮੌਜੂਦ ਨਹੀਂ ਹੈ।