ਜਿਓ ਫੋਨ ’ਚ 3 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤੀ ਗਈ ਆਰੋਗਿਆ ਸੇਤੂ ਐਪ

06/10/2020 10:47:01 AM

ਗੈਜੇਟ ਡੈਸਕ– ਆਰੋਗਿਆ ਸੇਤੂ ਐਪ ਨੂੰ ਪਿਛਲੇ ਮਹੀਨੇ ਜਿਓ ਫੋਨ ਮਾਡਲ ਲਈ ਲਾਂਚ ਕੀਤਾ ਗਿਆ ਸੀ ਅਤੇ ਹੁਣ ਨਵੇਂ ਐਲਾਨ ਮੁਤਾਬਕ, ਐਪ ਨੂੰ 3 ਕਰੋੜ ਵਰਤੋਕਾਰਾਂ ਦੁਆਰਾ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਦੀ ਜਾਣਕਾਰੀ ਇਲੈਕਟ੍ਰੋਨਿਕਸ ਅਤੇ ਆਈ.ਟੀ. ਮੰਤਰਾਲੇ ਨੇ ਸੋਮਵਾਰ ਨੂੰ ਇਕ ਟਵੀਟ ਰਾਹੀਂ ਦਿੱਤੀ। ਗੂਗਲ ਪਲੇਅ ਲਿਸਟਿੰਗ ਤੋਂ ਪਤਾ ਚਲਦਾ ਹੈ ਕਿ ਐਪ ਨੂੰ 10 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ। ਆਰੋਗਿਆ ਸੇਤੂ ਨੂੰ ਸ਼ੁਰੂ ’ਚ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸਾਂ ਲਈ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਹਾਲ ਹੀ ’ਚ ਵਿਆਪਕ ਪਹੁੰਚ ਲਈ ਕਾਈ ਓ.ਐੱਸ. ਪਲੇਟਫਾਰਮ ’ਤੇ ਉਤਾਰਿਆ ਗਿਆ। ਜਿਓਫੋਨ ਅਤੇ ਜਿਓ ਫੋਨ 2 ਕਾਈ ਓ.ਐੱਸ. ’ਤੇ ਚਲਦੇ ਹਨ। 

ਅਪ੍ਰੈਲ ਦੀ ਸ਼ੁਰੂਆਤ ’ਚ ਸਰਕਾਰ ਨੇ ਕੋਵਿਡ-19 ਦੇ ਪ੍ਰਸਾਰ ਨੂੰ ਸੀਮਿਤ ਕਰਨ ਲਈ ਭਾਰਤ ’ਚ ਆਰੋਗਿਆ ਸੇਤੂ ਐਪ ਨੂੰ ਪੇਸ਼ ਕੀਤਾ ਸੀ। ਇਹ ਕੋਵਿੰਡ-19 ਟ੍ਰੈਕਿੰਗ ਐਪ ਬਲੂਟੂਥ ਅਤੇ ਲੋਕੇਸ਼ਨ ਦੀ ਵਰਤੋਂ ਕਰਦੀ ਹੈ ਅਤੇ ਉਨ੍ਹਾਂ ਲੋਕਾਂ ਨਾਲ ਤੁਹਾਡੇ ਸੰਪਰਕ ਦਾ ਪਤਾ ਲਗਾਉਂਦੀ ਹੈ ਜੋ ਜਾਂ ਤਾਂ ਕੋਵਿਡ+ ਪਾਜ਼ੇਟਿਵ ਹਨ ਜਾਂ ਪਾਜੇਟਿਵ ਆ ਸਕਦੇ ਹਨ। ਐਪ ਦੇ ਲਾਂਚ ਤੋਂ ਬਾਅਦ ਇਸ ਨੂੰ ਕਈ ਸਰਕਾਰੀ ਅਧਿਕਾਰੀਆਂ ਦੁਆਰਾ ਪ੍ਰਚਾਰਿਤ ਕੀਤਾ ਗਿਆ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। ਆਰੋਗਿਆ ਸੇਤੂ ਨੇ ਲਾਂਚ ਦੇ ਤਿੰਨ ਦਿਨਾਂ ਦੇ ਅੰਦਰ ਹੀ 50 ਲੱਖ ਡਾਊਨਲੋਡਸ ਦਾ ਅੰਕੜਾ ਪਾਰ ਕਰ ਲਿਆ ਸੀ ਅਤੇ ਉਦੋਂ ਤੋਂ ਇਹ ਅੰਕੜਾ ਵਧਦਾ ਜਾ ਰਿਹਾ ਹੈ। 

 

ਹਾਲਾਂਕਿ ਇਸ ਦੇ ਲਾਂਚ ਸਮੇਂ ਭਾਰਤ ’ਚ 50 ਕਰੋੜ ਸਮਾਰਟਫੋਨ ਵਰਤੋਂਕਾਰਾਂ ਲਈ ਉਪਲੱਬਧ ਸੀ ਪਰ 40 ਕਰੋੜ ਬੇਸਿਕ ਫੀਚਰ ਫੋਨ ਵਰਤੋਂਕਾਰ ਇਸ ਐਪ ਦੀ ਵਰਤੋਂ ਨਹੀਂ ਕਰ ਸਕਦੇ ਸਨ। ਐਪ ਦੇ ਲਾਂਚ ਹੋਣ ਦੇ ਇਕ ਮਹੀਨੇ ਬਾਅਦ ਐਪ ਨੂੰ ਜਿਓ ਫੋਨਜ਼ ਲਈ ਲਾਂਚ ਕੀਤਾ ਗਿਆ ਸੀ। 

Rakesh

This news is Content Editor Rakesh