ਹੈਕਰਜ਼ ਨੇ Google Maps ਨੂੰ ਕੀਤਾ ਹੈਕ, ਖਾਲੀ ਰਸਤੇ ''ਤੇ ਦਿਖਾ ਦਿੱਤਾ ਟਰੈਫਿਕ ਜਾਮ

02/05/2020 11:35:09 AM

ਗੈਜੇਟ ਡੈਸਕ– ਹੈਕਰਜ਼ ਲੋਕਾਂ ਨਾਲ ਭੱਦਾ ਮਜ਼ਾਕ ਕਰਨ ਲਈ ਹੁਣ ਹੈਕਿੰਗ ਅਟੈਕ ਕਰਨ ਲੱਗੇ ਹਨ। ਬਰਲਿਨ ਦੇ ਕਲਾਕਾਰ ਸਿਮੋਨ ਵੇਕਰਟ ਨੇ ਗੂਗਲ ਮੈਪਸ ਨੂੰ 99 ਸੈਕੰਡ-ਹੈਂਡ ਸਮਾਰਟਫੋਨਜ਼ ਦੀ ਮਦਦ ਨਾਲ ਹੈਕ ਕਰ ਲਿਆ, ਜਿਸ  ਤੋਂ ਬਾਅਦ ਗੂਗਲ ਮੈਪਸ ਬਿਲਕੁਲ ਕਲੀਅਰ ਰੂਟ ਨੂੰ ਵੀ ਹੈਵੀ ਟਰੈਫਿਕ ਵਾਲਾ ਦੱਸਣ ਲੱਗਾ।
ਵਰਣਨਯੋਗ ਹੈ ਕਿ ਟਰੈਫਿਕ ਦੀ ਸਹੀ ਜਾਣਕਾਰੀ ਯੂਜ਼ਰਜ਼ ਤਕ ਪਹੁੰਚਾਉਣ ਲਈ ਗੂਗਲ ਸਲੋਅ ਮੂਵਿੰਗ ਜਾਂ ਹੈਵੀ ਟਰੈਫਿਕ ਦਾ ਡਾਟਾ ਇਕੱਠਾ ਕਰਦੀ ਹੈ। ਇਸ ਦੇ ਲਈ ਉਹ ਕਿਸੇ ਖਾਸ ਖੇਤਰ ਵਿਚ ਯਾਤਰਾ ਕਰ ਰਹੇ ਉਨ੍ਹਾਂ ਯੂਜ਼ਰਜ਼ ਦੇ ਮੋਬਾਇਲ ਫੋਨ ਤਕ ਪਹੁੰਚ ਬਣਾਉਂਦੀ ਹੈ, ਜੋ ਗੂਗਲ ਮੈਪਸ ਦੀ ਵਰਤੋਂ ਕਰ ਰਹੇ ਹੁੰਦੇ ਹਨ। ਅਜਿਹੀ ਹਾਲਤ ਵਿਚ ਸਿਮੋਨ ਨੇ ਟਰੈਫਿਕ ਜਾਮ ਦੱਸਣ ਵਾਲੇ ਗੂਗਲ ਦੇ ਇਸੇ ਪ੍ਰੋਸੈੱਸ ਨਾਲ ਖਿਲਵਾੜ ਕਰ ਦਿੱਤਾ ਹੈ।

ਗੂਗਲ ਮੈਪਸ ਨੂੰ ਇੰਝ ਕੀਤਾ ਹੈਕ
ਇਕ ਛੋਟੀ ਹੈਂਡ ਟਰਾਲੀ ਵਿਚ ਸਿਮੋਨ ਨੇ 99 ਸਮਾਰਟਫੋਨਜ਼ ਰੱਖੇ। ਇਸ ਤੋਂ ਬਾਅਦ ਉਸ ਨੇ ਸਾਰਿਆਂ ਵਿਚ ਗੂਗਲ ਮੈਪਸ ਨੂੰ ਆਨ ਕਰ ਦਿੱਤਾ। ਇਕ ਖਾਲੀ ਸੜਕ 'ਤੇ ਉਹ ਸਮਾਰਟਫੋਨਜ਼ ਨਾਲ ਭਰੀ ਟਰਾਲੀ ਲੈ ਕੇ ਟਹਿਲਣ ਲੱਗਾ। ਇਸ ਨਾਲ ਗੂਗਲ ਦਾ ਸਿਸਟਮ ਇਸ ਪ੍ਰੈਂਕ ਨੂੰ ਸਮਝ ਨਹੀਂ ਸਕਿਆ ਅਤੇ ਖਾਲੀ ਸੜਕ ਨੂੰ ਹੈਵੀ ਟਰੈਫਿਕ ਵਾਲੀ ਦੱਸਣ ਲੱਗਾ। ਹਾਲਾਂਕਿ ਇਸ ਪ੍ਰੈਂਕ ਨਾਲ ਕਿਸੇ ਨੂੰ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਮੈਪਸ ਦੀ ਵਰਤੋਂ ਕਰ ਰਹੇ ਯੂਜ਼ਰਜ਼ ਨੇ ਆਪਣਾ ਰੂਟ ਜ਼ਰੂਰ ਬਦਲ ਲਿਆ।