95 ਫੀਸਦੀ ਐਪਸ ਤੇ ਸਾਈਟਾਂ ਥਰਡ ਪਾਰਟੀ ਨਾਲ ਸਾਂਝਾ ਕਰ ਰਹੇ ਨਿੱਜੀ ਡਾਟਾ

12/16/2019 4:09:58 PM

ਗੈਜੇਟ ਡੈਸਕ– ਇਕ ਨਵੇਂ ਅਧਿਐਨ ਮੁਤਾਬਕ, 95 ਫੀਸਦੀ ਤੋਂ ਜ਼ਿਆਦਾ ਭਾਰਤੀ ਐਪ ਅਤੇ ਵੈੱਬਸਾਈਟਾਂ ਥਰਡ ਪਾਰਟੀ ਦੇ ਨਾਲ ਯੂਜ਼ਰਜ਼ ਦਾ ਡਾਟਾ ਸਾਂਝਾ ਕਰਦੇ ਹਨ, ਜਿਨ੍ਹਾਂ ’ਚੋਂ ਲਗਭਗ 96 ਫੀਸਦ ਡਾਟਾ ਭਾਰਤ ਤੋਂ ਬਾਹਰ ਭੇਜਿਆ ਜਾਂਦਾ ਹੈ। ਮੁੱਖ ਰੂਪ ਨਾਲ ਥਰਡ ਪਾਰਟੀ ਵਿਗਿਆਪਨਦਾਤਾਵਾਂ ਅਤੇ ਵਿਸ਼ਲੇਸ਼ਣ ਕੰਪਨੀਆਂ ਦੇ ਯੂ.ਐੱਸ. ’ਚ ਆਪਣੇ ਸਰਵਰ ਹਨ। ਕੁਝ ਡਾਟਾ ਆਇਰਲੈਂਡ ਵੀ ਜਾਂਦਾ ਹੈ ਕਿਉਂਕਿ ਕੁਝ ਸਰਵਰ ਉਥੇ ਵੀ ਲੱਗੇ ਹੋਏ ਹਨ। ਇਕ ਕੰਸਲਟਿੰਗ ਫਰਮ ਅਰਕਾ ਦੀ ਸਾਲਾਨਾ ਰਿਪੋਰਟ ਮੁਤਾਬਕ ਉਸ ਨੇ ਭਾਰਤ ਦੇ 100 ਸੰਗਠਨਾਂ ਅਤੇ ਹਰੇਕ ਦੇ ਇਕ ਐਂਡਰਾਇਡ ਤੇ ਆਈ.ਓ.ਐੱਸ. ਐਪ ਅਤੇ ਵੈੱਬਸਾਈਟ ਦਾ ਅਧਿਐਨ ਕੀਤਾ ਹੈ। 

ਰਿਪੋਰਟ ਮੁਤਾਬਕ, ਸਾਰੀਆਂ ਸ਼੍ਰੇਣੀਆਂ ’ਚ ਗੂਗਲ ਸਭ ਤੋਂ ਵੱਡੀ ਥਰਡ ਪਾਰਟੀ ਸੰਸਥਾ ਹੈ, ਇਸ ਤੋਂ ਬਾਅਦ ਫੇਸਬੁੱਕ ਅਤੇ ਐਮਾਜ਼ੋਨ ਹਨ। ਹਾਲਾਂਕਿ, 2018 ਦੇ ਅਧਿਐਨ ਦੇ ਮੁਕਾਬਲੇ ਇਕ ਐਪ ਨਾਲ ਜੁੜੇ ਥਰਡ ਪਾਰਟੀ ’ਚ 40 ਫੀਸਦੀ ਦੀ ਕਮੀ ਅਤੇ ਸਾਰੀਆਂ ਐਪਸ ’ਚ ਥਰਡ ਪਾਰਟੀ ਦੀ ਕੁਲ ਗਿਣਤੀ ’ਚ 64 ਫੀਸਦੀ ਦੀ ਕਮੀ ਆਈ ਹੈ। ਨਵੇਂ ਐਪਸ ਇੰਸਟਾਲ ਕਰਦੇ ਸਮੇਂ ਮੰਗੀਆਂ ਗਈਆਂ ਕੁਲ ਮਨਜ਼ੂਰੀਆਂ ’ਚ ਵੀ ਕਮੀ ਆਈ ਹੈ। ਇਹ ਆਉਣ ਵਾਲੇ ਨਿੱਜੀ ਡਾਟਾ ਸੁਰੱਖਿਆ ਬਿੱਲ ਜਾਂ ਗੂਗਲ ਅਤੇ ਐਪਲ ਸਟੋਰ ’ਤੇ ਨੀਤੀਆਂ ’ਚ ਬਦਲਾਅ ਦੇ ਨਤੀਜੇ ਵਜੋਂ ਹੋ ਸਕਦਾ ਹੈ।