ਆ ਰਹੀ ਹੈ ਭਾਰਤ ਦੀ ਪਹਿਲੀ 3 ਸੀਟਰ SUV, ਬੇਹੱਦ ਖਾਸ ਹਨ ਫੀਚਰਜ਼

01/12/2019 5:48:48 PM

ਆਟੋ ਡੈਸਕ– ਲਗਜ਼ਰੀ ਕਾਰ ਨਿਰਮਾਤਾ ਕੰਪਨੀ ਵੋਲਵੋ ਇੰਡੀਆ ਜਲਦੀ ਹੀ ਭਾਰਤ ਦੀ ਪਹਿਲੀ 3 ਸੀਟਰ ਐੱਸ.ਯੂ.ਵੀ. ਲਾਂਚ ਕਰਨ ਜਾ ਰਹੀ ਹੈ। ਇਹ ਕੰਪਨੀ Volvo XC90 ਕਾਰ ਦਾ ਹੀ ਰੂਪ ਹੋਵੇਗਾ, ਜਿਸ ਵਿਚ ਸਿਰਫ 3 ਸੀਟਾਂ ਹੋਣਗੀਆਂ ਇੰਨੀਆਂ ਘੱਟ ਸੀਟਾਂ ਵਾਲੀ ਦੇਸ਼ ’ਚ ਹੁਣ ਤਕ ਕੋਈ ਐੱਸ.ਯੂ.ਵੀ. ਨਹੀਂ ਹੈ। ਇਸ ਨੂੰ Volvo XC90 Excellence ਨਾਂ ਦਿੱਤਾ ਗਿਆ ਹੈ। ਭਾਰਤ ’ਚ ਇਸ ਕਾਰ ਦੀ ਲਾਂਚਿੰਗ ਕਦੇ ਵੀ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਕੀਮਤ ਇਕ ਕਰੋੜ ਤੋਂ ਵੀ ਜ਼ਿਆਦਾ ਹੋ ਸਕਦੀ ਹੈ। 

ਕਾਰ ਦਾ ਨਿਰਮਾਣ ਖਾਸਤੌਰ ’ਤੇ ਕੈਬ ਪ੍ਰਦਾਤਾ ਕੰਪਨੀ ਉਬਰ ਲਈ ਕੀਤਾ ਜਾਵੇਗਾ। ਇਸ ਵਿਚ ਪੈਸੇਂਜਰ ਲਈ ਪਿੱਛੇ ਦੋ ਸੀਟਾਂ ਅਤੇ ਇਕ ਸੀਟ ਅੱਗੇ ਡਰਾਈਵਰ ਲਈ ਹੋਵੇਗੀ। ਆਮਤੌਰ ’ਤੇ ਦੇਖਣ ਨੂੰ ਮਿਲਿਆ ਹੈ ਕਿ ਲਗਜ਼ਰੀ ਕੈਬ ਡਰਾਈਵਰ ਦੇ ਨਾਲ ਵਾਲੀ ਸੀਟ ਹਮੇਸ਼ਾ ਖਾਲ੍ਹੀ ਹੁੰਦੀ ਹੈ। ਵੋਲਵੋ ਨੇ ਇਸ ਥਾਂ ਦਾ ਇਸਤੇਮਾਲ ਇਕ ਵੱਖਰੇ ਤਰੀਕੇ ਨਾਲ ਕੀਤਾ ਹੈ। ਕੰਪਨੀ ਨੇ ਇਸ ਦੀ ਥਾਂ ਇਕ ਅਨੋਖੇ ਬਾਕਸ ਦੀ ਸੁਵਿਧਾ ਦਿੱਤੀ ਹੈ ਜਿਸ ਦਾ ਇਸਤੇਮਾਲ ਨਾ ਸਿਰਫ ਸਮਾਨ ਰੱਖ ਲਈ, ਸਗੋਂ ਕਈ ਕੰਮਾਂ ’ਚ ਕੀਤਾ ਜਾ ਸਕਦਾ ਹੈ। 

ਇਸ ਬਾਕਸ ’ਚ ਤੁਸੀਂ ਸਮਾਨ ਨੂੰ ਤਾਂ ਸਟੋਰ ਕਰ ਹੀ ਸਕਦੇ ਹੋ, ਨਾਲ ਹੀ ਇਸ ਵਿਚ ਇਕ ਸਕਰੀਨ ਵੀ ਦਿੱਤੀ ਹੈ। ਇਸ ਸਕਰੀਨ ਨੂੰ ਤੁਸੀਂ ਕੰਮ ਕਰਨ ਲਈ ਟੇਬਲ ਵੀ ਬਣਾ ਸਕਦੇ ਹੋ ਪਰ ਕਲਿੱਪ ਕਰਨ ’ਤੇ ਇਹ ਸਕਰੀਨ ’ਚ ਬਦਲ ਜਾਂਦੀ ਹੈ। ਇੰਨਾ ਹੀ ਨਹੀਂ, ਪਿੱਛੇ ਬੈਠਾ ਪੈਸੇਂਜਰ ਇਸ ਬਾਕਸ ’ਤੇ ਆਪਣੇ ਪੈਰ ਵੀ ਪਸਾਰ ਸਕਦਾ ਹੈ। ਤੁਹਾਨੂੰ ਅਜਿਹੀ ਸੁਵਿਧਾ ਤਾਂ ਸ਼ਾਇਦ ਹੀ ਕਿਸੇ ਲਗਜ਼ਰੀ ਕਾਰ ’ਚ ਮਿਲ ਸਕੇ। 

ਡਰਾਈਵਰ ਦੇ ਠੀਕ ਪਿੱਛੇ ਵਾਲੀ ਸੀਟ ’ਤੇ ਵੀ ਐਰੋਪਲੇਨ ਦੀ ਤਰ੍ਹਾਂ ਫੋਲਡੇਬਲ ਵਰਕਸਟੇਸ਼ਨ ਦਿੱਤਾ ਗਿਆ ਹੈ। ਕਾਰ ’ਚ ਨਾ ਸਿਰਫ ਐਂਬੀਅੰਟ ਲਾਈਟਿੰਗ ਦਿੱਤੀ ਗਈ ਹੈ ਸਗੋਂ ਨਾਲ ਹੀ ਇਕ ਛੋਟਾ ਜਿਹਾ ਫਰਿੱਜ ਵੀ ਮੌਜੂਦ ਹੈ। ਵਾਈਨ ਗਲਾਸ ਰੱਖਣ ਲਈ ਵੀ ਇਕ ਖਾਸ ਥਾਂ ਦਿੱਤੀ ਗਈ ਹੈ।