ਭਾਰਤ ''ਚ ਫੇਕ ਮਿਲੇ 1.6 ਕਰੋੜ Instagram ਅਕਾਊਂਟਸ

07/15/2019 11:57:42 AM

ਗੈਜੇਟ ਡੈਸਕ– ਇੰਸਟਾਗ੍ਰਾਮ ਯੂਜ਼ਰਜ਼ ਲਈ ਹੈਰਾਨ ਕਰ ਦੇਣ ਵਾਲੀ ਖਬਰ ਪਤਾ ਲੱਗੀ ਹੈ। ਇਕ ਅਧਿਐਨ ਦੌਰਾਨ ਭਾਰਤ 'ਚ ਇੰਸਟਾਗ੍ਰਾਮ 'ਤੇ 1.6 ਕਰੋੜ ਅਜਿਹੇ ਅਕਾਊਂਟਸ ਦਾ ਪਤਾ ਲਾਇਆ ਗਿਆ ਹੈ, ਜੋ ਕਿ ਫੇਕ ਹਨ। ਇਨ੍ਹਾਂ ਅਕਾਊਂਟਸ ਰਾਹੀਂ ਫਰਜ਼ੀ ਅੰਕੜੇ ਦਿਖਾ ਕੇ ਕਾਰੋਬਾਰ ਵਧਾਉਣ ਦਾ ਕੰਮ ਕੀਤਾ ਜਾਂਦਾ ਹੈ। ਇਹ ਰਿਸਰਚ ਸਵੀਡਨ ਦੀ ਡਾਟਾ ਐਨਲੈਟਿਕ ਕੰਪਨੀ HypeAuditor ਨੇ 82 ਦੇਸ਼ਾਂ ਦੇ ਇੰਸਟਾਗ੍ਰਾਮ ਯੂਜ਼ਰਜ਼ 'ਤੇ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਪੂਰੀ ਦੁਨੀਆ 'ਚ 3 ਅਜਿਹੇ ਦੇਸ਼ ਹਨ, ਜਿੱਥੇ ਇੰਸਟਾਗ੍ਰਾਮ ਦੇ ਫੇਕ ਯੂਜ਼ਰਜ਼ ਦੀ ਗਿਣਤੀ ਕਾਫੀ ਜ਼ਿਆਦਾ ਹੈ। ਅਮਰੀਕਾ ਵਿਚ ਫੇਕ ਇੰਸਟਾਗ੍ਰਾਮ ਅਕਾਊਂਟਸ ਦੀ ਗਿਣਤੀ 4.9 ਕਰੋੜ, ਬ੍ਰਾਜ਼ੀਲ ਵਿਚ 2.7 ਕਰੋੜ ਤੇ ਭਾਰਤ ਵਿਚ 1.6 ਕਰੋੜ ਪਤਾ ਲੱਗੀ ਹੈ।

ਇੰਸਟਾਗ੍ਰਾਮ 'ਤੇ ਹੋ ਰਿਹੈ ਮਾਰਕੀਟਿੰਗ ਫਰਾਡ
ਇੰਸਟਾਗ੍ਰਾਮ 'ਤੇ ਹੋ ਰਹੇ ਇਸ ਫਰਾਡ ਬਾਰੇ ਮਾਰਕੀਟਿੰਗ ਫਰਮ Mediakix ਨੇ ਪਤਾ ਲਾਇਆ ਹੈ ਕਿ ਇੰਸਟਾਗ੍ਰਾਮ 'ਤੇ ਮਾਰਕੀਟਿੰਗ ਹੁਣ 2 ਬਿਲੀਅਨ ਅਮਰੀਕੀ ਡਾਲਰ ਤਕ ਪਹੁੰਚ ਗਈ ਹੈ, ਜੋ ਸਾਲ 2017 ਵਿਚ ਇਕ ਬਿਲੀਅਨ ਅਮਰੀਕੀ ਡਾਲਰ ਸੀ। ਕੰਪਨੀਆਂ ਮਾਰਕੀਟਿੰਗ 'ਤੇ ਪੈਸੇ ਖਰਚ ਰਹੀਆਂ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਹ ਲੋਕਾਂ ਨਾਲ ਜੁੜ ਰਹੀਆਂ ਹਨ ਪਰ ਅਸਲ ਵਿਚ ਅਜਿਹਾ ਹੈ ਨਹੀਂ। ਹੋ ਸਕਦਾ ਹੈ ਕਿ ਕੰਪਨੀਆਂ ਮਾਰਕੀਟਿੰਗ ਫਰਾਡ ਦਾ ਸ਼ਿਕਾਰ ਬਣ ਰਹੀਆਂ ਹੋਣ। ਸੋਸ਼ਲ ਮੀਡੀਆ ਪਲੇਟਫਾਰਮਸ ਦੀ ਲੋਕਪ੍ਰਿਯਤਾ ਨੂੰ ਦੇਖਦਿਆਂ ਲੋਕ ਇਨ੍ਹਾਂ ਰਾਹੀਂ ਐਡ ਦੇਣੀ ਪਸੰਦ ਕਰਦੇ ਹਨ ਪਰ ਕੀ ਪਤਾ ਇਨ੍ਹਾਂ ਨੂੰ ਕੋਈ ਦੇਖਦਾ ਵੀ ਹੈ ਜਾਂ ਨਹੀਂ।

ਬਹੁਤ ਵੱਡੀ ਹੈ ਸੋਸ਼ਲ ਮੀਡੀਆ ਦੀ ਦੁਨੀਆ
ਦੱਸ ਦੇਈਏ ਕਿ ਇੰਸਟਾਗ੍ਰਾਮ ਦੇ ਵਿਸ਼ਵ ਪੱਧਰ 'ਤੇ 100 ਕਰੋੜ ਮੰਥਲੀ ਐਕਟਿਵ ਯੂਜ਼ਰਜ਼ ਹਨ। ਜੇ ਇੰਸਟਾਗ੍ਰਾਮ ਦੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ 238 ਕਰੋੜ ਮੰਥਲੀ ਐਕਟਿਵ ਯੂਜ਼ਰਜ਼ ਹਨ। ਇਸੇ ਤਰ੍ਹਾਂ 1.6 ਕਰੋੜ ਲੋਕ ਰੋਜ਼ਾਨਾ ਟਵਿਟਰ ਨੂੰ ਲਾਗ-ਇਨ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਵਟਸਐਪ ਦੇ ਭਾਰਤ ਵਿਚ 30 ਕਰੋੜ ਯੂਜ਼ਰਜ਼ ਹਨ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਕਿੰਨੀ ਵੱਡੀ ਮਾਤਰਾ 'ਤੇ ਕਾਰੋਬਾਰ ਹੋ ਰਿਹਾ ਹੈ, ਜਿਸ ਨਾਲ ਫਰਾਡ ਹੋਣ ਦੀ ਸੰਭਾਵਨਾ ਵੀ ਕਾਫੀ ਵਧ ਜਾਂਦੀ ਹੈ।

ਇਸ ਤੋਂ ਪਹਿਲਾਂ ਵੀ ਵਿਵਾਦਾਂ ਦੇ ਘੇਰੇ ਵਿਚ ਫਸ ਚੁੱਕੀ ਹੈ ਇੰਸਟਾਗ੍ਰਾਮ
ਮਈ ਵਿਚ ਲੱਖਾਂ ਹਸਤੀਆਂ ਦਾ ਨਿੱਜੀ ਡਾਟਾ ਇੰਸਟਾਗ੍ਰਾਮ 'ਤੇ ਕਥਿਤ ਤੌਰ 'ਤੇ ਉਜਾਗਰ ਹੋ ਗਿਆ ਸੀ। ਮੁੰਬਈ ਦੀ ਸੋਸ਼ਲ ਮਾਰਕੀਟਿੰਗ ਫਰਮ Chtrbox ਵਲੋਂ ਇਹ ਡਾਟਾ ਵੱਡੀ ਮਾਤਰਾ ਵਿਚ ਟਰੇਸ ਕੀਤਾ ਜਾ ਰਿਹਾ ਸੀ। ਇਸ ਡਾਟਾਬੇਸ ਵਿਚ ਫੂਡ ਬਲਾਗਰ ਤੇ ਹੋਰ ਸੈਲੀਬ੍ਰਿਟੀਜ਼ ਦੀਆਂ ਜਾਣਕਾਰੀਆਂ ਵੀ ਸ਼ਾਮਲ ਸਨ। ਇਸ ਵਿਚ ਉਨ੍ਹਾਂ ਦੇ ਪਬਲਿਕ ਡਾਟਾ, ਪ੍ਰੋਫਾਈਲ ਪਿਕਚਰ ਤੇ ਪ੍ਰਾਈਵੇਟ ਕਾਂਟੈਕਟ ਨੰਬਰ ਮੌਜੂਦ ਸਨ।