ਕਿਸਾਨਾਂ ਤੋਂ ਸਸਤੇ ''ਚ ਖਰੀਦਿਆ ਆਲੂ ਵਪਾਰੀ ਹੁਣ ਵੇਚ ਰਹੇ ਨੇ ਮਹਿੰਗੇ ਭਾਅ

10/05/2019 4:35:30 PM

ਤਲਵੰਡੀ ਭਾਈ (ਪਾਲ)—ਆਲੂਆਂ ਦੀ ਤੇਜ਼ੀ ਨਾਲ ਵਧ ਰਹੀਆਂ ਕੀਮਤਾਂ ਨੇ ਪੰਜਾਬ ਦੇ ਛੋਟੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਹੈ। ਤਲਵੰਡੀ ਭਾਈ ਦੇ ਨੇੜਲੇ ਕਈ ਪਿੰਡਾਂ ਵਿਚ ਹਰ ਸਾਲ ਆਲੂਆਂ ਦੀ ਫਸਲ ਤਿਆਰ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਆਲੂਆਂ ਦੀ ਫਸਲ ਖੇਤਾਂ 'ਚੋਂ ਤਿਆਰ ਹੋ ਕੇ ਮੰਡੀਆਂ ਵਿਚ ਪਹੁੰਚੀ ਸੀ ਤਾਂ ਵੱਡੇ-ਵੱਡੇ ਆੜ੍ਹਤੀਆਂ ਨੇ ਕਿਸਾਨਾਂ ਤੋਂ ਇਹ ਆਲੂਆਂ ਦੀ ਫਸਲ 250-300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤੀ ਸੀ, ਜੋ ਹੁਣ ਤਕਰੀਬਨ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦੂਜੇ ਸੂਬਿਆਂ ਨੂੰ ਵੇਚੇ ਜਾ ਰਹੇ ਹਨ। ਉਨ੍ਹਾਂ ਦੱÎਸਿਆ ਕਿ ਪੰਜਾਬ ਵਿਚ 68 ਹਜ਼ਾਰ ਹੈਕਟੇਅਰ ਰਕਬੇ ਵਿਚ ਆਲੂ ਬੀਜੇ ਗਏ ਸਨ। ਆਲੂਆਂ ਦਾ ਇਸ ਵਾਰ ਸੀਜ਼ਨ ਸ਼ੁਰੂ ਹੋਣ ਸਮੇਂ ਕੁਝ ਹੁਸ਼ਿਆਰ ਆੜ੍ਹਤੀਆਂ ਨੇ ਇਹੋ ਜਿਹੀ ਹਵਾ ਬਣਾ ਦਿੱਤੀ ਸੀ ਕਿ ਐਤਕੀ ਪੰਜਾਬ ਦਾ ਆਲੂ ਰੁਲ ਜਾਵੇਗਾ। ਇਸ ਦੀ ਭਿਣਕ ਜਦੋਂ ਛੋਟੇ ਕਿਸਾਨਾਂ ਨੂੰ ਲੱਗੀ ਤਾਂ ਉਨ੍ਹਾਂ ਡਰਦਿਆਂ ਨੇ ਆਪਣੀ ਲਾਗਤ ਕੀਮਤ ਤੋਂ ਵੀ ਘੱਟ ਰੇਟ 250-300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਲੂ ਵੇਚ ਦਿੱਤੇ, ਜਦਕਿ ਵੱਡੇ ਆੜ੍ਹਤੀਏ ਇਹ ਗੱਲ ਭਲੀਭਾਂਤ ਜਾਣਦੇ ਸਨ ਕਿ ਦੇਸ਼ ਦੇ ਦੂਜੇ ਸੂਬਿਆਂ ਦੇ ਬਹੁਤੇ ਹਿੱਸੇ ਵਿਚ ਆਲੂਆਂ ਦੀ ਫਸਲ ਖਰਾਬ ਹੋ ਜਾਣ ਕਾਰਣ ਆਲੂਆਂ ਦੀ ਮੰਗ ਵੱਧੇਗੀ।

ਉਨ੍ਹਾਂ ਕਿਹਾ ਕਿ ਇਕੱਲੇ ਪੱਛਮੀ ਬੰਗਾਲ ਵਿਚ ਹੀ ਆਲੂਆਂ ਦੀ 80 ਫੀਸਦੀ ਫਸਲ ਹੜ੍ਹਾਂ ਅਤੇ ਝੁਲਸ ਰੋਗ ਨਾਲ ਖਰਾਬ ਹੋ ਜਾਣ ਕਾਰਣ ਉਥੇ ਆਲੂਆਂ ਦੀ ਮੰਗ ਵਧ ਗਈ, ਜਿਸ ਕਾਰਣ ਉਥੇ ਆਲੂ ਕਾਫੀ ਮਹਿੰਗਾ ਵਿਕਣ ਲੱਗਾ ਹੈ ਅਤੇ ਹੁਣ ਤੱਕ ਅਨੇਕਾਂ ਗੱਡੀਆਂ ਦੇ ਰੈਂਕਾਂ ਵਿਚ ਲੱਖਾਂ ਕੁਇੰਟਲ ਆਲੂ ਦੂਜੀਆਂ ਸਟੇਟਾਂ ਵਿਚ ਜਾ ਚੁੱਕਾ ਹੈ ਅਤੇ ਅਜੇ ਵੀ ਕਈ ਆਲੂਆਂ ਦੇ ਬਾਹਰਲੇ ਵਪਾਰੀ ਸਾਡੇ ਵੱਡੇ ਸ਼ਹਿਰਾਂ 'ਚ ਡੇਰੇ ਲਾਈ ਬੈਠੇ ਹਨ। ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ ਕਿ ਨਵੰਬਰ ਵਿਚ ਆਲੂਆਂ ਦਾ ਬੀਜ ਜਦੋਂ ਦੂਜੇ ਸੂਬਿਆਂ ਵਿਚ ਜਾਵੇਗਾ ਤਾਂ ਇਸ ਦੀ ਕੀਮਤ ਤਕਰੀਬਨ 1500 ਰੁਪਏ ਪ੍ਰਤੀ ਕੁਇੰਟਲ ਰਹਿਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਜਿਥੇ ਦੂਜੇ ਸੂਬਿਆਂ ਨੂੰ ਮਹਿੰਗੇ ਭਾਅ 'ਤੇ ਆਲੂ ਵੇਚਣ ਵਾਲੇ ਆੜ੍ਹਤੀਏ ਅਤੇ ਵਪਾਰੀ ਤਾਂ ਮਾਲਾਮਾਲ ਹੋ ਰਹੇ ਹਨ ਪਰ ਛੋਟੇ ਕਿਸਾਨ ਇਸ ਮਾਮਲੇ ਵਿਚ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਲੱਕ ਤੋੜਵੀਂ ਮਿਹਨਤ ਕਰ ਕੇ ਆਪਣੇ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋ ਕੇ ਕੁਦਰਤ ਦੀਆਂ ਮਾਰਾਂ ਝੱਲਣ ਤੋਂ ਬਾਅਦ ਮੰਡੀਆਂ 'ਚ ਲਿਆਂਦੇ ਆਲੂਆਂ ਦਾ ਸਹੀ ਮੁੱਲ ਨਾ ਮਿਲਣ 'ਤੇ ਘੱਟ ਰੇਟ 'ਤੇ ਅਣਜਾਣਤਾ ਕਾਰਣ ਆਲੂ ਵੇਚ ਦੇਣ ਵਾਲਾ ਕਿਸਾਨ ਹੁਣ ਆਪਣੀ ਕਿਸਮਤ ਨੂੰ ਕੋਸ ਰਿਹਾ ਹੈ।


Shyna

Content Editor

Related News