ਫਿਰੋਜ਼ਪੁਰ ਪੁਲਸ ਦਾ ਦੜਾ-ਸੱਟਾ ਲਗਾਉਣ ਵਾਲਿਆਂ ''ਤੇ ਵੱਡਾ ਐਕਸ਼ਨ, 7 ਵਿਅਕਤੀ ਗ੍ਰਿਫ਼ਤਾਰ

06/12/2023 2:47:12 PM

ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ, ਪਰਮਜੀਤ, ਖੁੱਲਰ, ਸੁਨੀਲ ਵਿੱਕੀ) : ਜ਼ਿਲ੍ਹਾ ਫਿਰੋਜ਼ਪੁਰ ਵਿਚ ਪੁਲਸ ਨੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੜਾ-ਸੱਟਾ ਲਗਾਉਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਵੱਡਾ ਐਕਸ਼ਨ ਲਿਆ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਛਾਪੇਮਾਰੀ ਕਰਦਿਆਂ ਦੜਾ ਸੱਟਾ ਲਗਾਉਣ ਅਤੇ ਜੂਆ ਖੇਡਦੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਪੁਲਸ ਨੇ ਵੱਖ-ਵੱਖ ਥਾਣਿਆਂ ’ਚ ਗੈਂਬਲਿੰਗ ਐਕਟ ਤਹਿਤ 8 ਮਾਮਲੇ ਦਰਜ ਕਰਦੇ ਉਨ੍ਹਾਂ ਪਾਸੋਂ ਦੜਾ-ਸੱਟਾ ਦੀ ਰਾਸ਼ੀ ਬਰਾਮਦ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਜੰਗ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾਮਾਰੀ ਕਰਦੇ ਜ਼ੀਰਾ ਗੇਟ ਦੇ ਇਲਾਕੇ ’ਚ ਈਸ਼ੂ ਨਾਮ ਦੇ ਵਿਅਕਤੀ ਨੂੰ ਦੜਾ-ਸੱਟਾ ਲਗਾਉਂਦੇ ਹੋਏ ਕਾਬੂ ਕੀਤਾ ਹੈ, ਜਿਸ ਕੋਲੋਂ ਤਲਾਸ਼ੀ ਲੈਣ ’ਤੇ 980 ਰੁਪਏ ਦੀ ਦੜਾ-ਸੱਟਾ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਪਿਓ ਦੀ ਰਿਵਾਲਵਰ ਨਾਲ ਗੋਲ਼ੀ ਮਾਰ ਕੇ 18 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਰੋ-ਰੋ ਬੇਸੁਧ ਹੋਏ ਮਾਪੇ

ਇਸ ਤੋਂ ਇਲਾਵਾ ਇਸੇ ਥਾਣੇ ਦੀ ਪੁਲਸ ਨੇ ਐੱਚ. ਸੀ. ਮਨਦੀਪ ਕੁਮਾਰ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਤਾਨੀ ਗੇਟ ਦੇ ਇਲਾਕੇ ’ਚ ਛਾਪੇਮਾਰੀ ਕਰਦਿਆਂ ਹਰਦੀਪ ਕੁਮਾਰ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 2000 ਦੀ ਦੜਾ ਸੱਟਾ ਰਾਸ਼ੀ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏ. ਐੱਸ. ਆਈ. ਰਾਜੇਸ਼ ਕੁਮਾਰ ਅਤੇ ਏ. ਐੱਸ. ਆਈ. ਗੁਰਦੇਵ ਸਿੰਘ ਦੀ ਅਗਵਾਈ ਹੇਠ ਧੋਬੀ ਘਾਟ ਅਤੇ ਗਊਸ਼ਾਲਾ ਰੋਡ ਫਿਰੋਜ਼ਪੁਰ ਛਾਉਣੀ ਨੇੜਿਓਂ ਰਾਜ ਕੁਮਾਰ ਨਾਮ ਦੇ ਵਿਅਕਤੀ ਨੂੰ 1200 ਰੁਪਏ ਸਮੇਤ ਅਤੇ ਕਿਸ਼ਨ ਲਾਲ ਨੂੰ ਦੜਾ ਸੱਟਾ ਲਗਾਉਦਿਆਂ 1050 ਸਮੇਤ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ- ਖ਼ੁਦ ਨੂੰ CM ਮਾਨ ਦਾ ਕਰੀਬੀ ਦੱਸ ਕੇ ਪਤੀ-ਪਤਨੀ ਨੇ ਮਾਰੀ ਲੱਖਾਂ ਦੀ ਠੱਗੀ, ਸੱਚ ਸਾਹਮਣੇ ਆਉਣ 'ਤੇ ਉੱਡੇ ਸਭ ਦੇ ਹੋਸ਼

ਥਾਣਾ ਮਮਦੋਟ ਦੀ ਪੁਲਸ ਨੇ ਏ. ਐੱਸ. ਆਈ. ਗੁਰਚਰਨ ਸਿੰਘ ਅਤੇ ਏ. ਐੱਸ. ਆਈ. ਦਰਸ਼ਨ ਸਿੰਘ ਦੀ ਅਗਵਾਈ ਹੇਠ ਪਿੰਡ ਹਜ਼ਾਰਾ ਸਿੰਘ ਵਾਲਾ ਅਤੇ ਚਪਾਤੀ ਰੋਡ ਮਮਦੋਟ ਦੇ ਇਲਾਕੇ ’ਚ ਪਰਮਜੀਤ ਸਿੰਘ ਪੰਮਾ ਨੂੰ 150 ਰੁਪਏ ਦੀ ਦੜਾ-ਸੱਟੇ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਕੁਲਦੀਪ ਸਿੰਘ ਨੂੰ 220 ਰੁਪਏ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਏ. ਐੱਸ. ਆਈ. ਮੁਖਤਿਆਰ ਸਿੰਘ ਦੀ ਅਗਵਾਈ ਹੇਠ ਰੇਲਵੇ ਪਾਰਕ ’ਚ ਸੱਟਾ ਲਗਾਉਂਦੇ ਗੁਰਮੁਖ ਸਿੰਘ ਨੂੰ 1700 ਰੁਪਏ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ ਸਬੰਧਤ ਥਾਣਿਆਂ ’ਚ ਮਾਮਲੇ ਦਰਜ ਕਰਨ ਮਗਰੋਂ ਨਾਮਜ਼ਦ ਵਿਅਕਤੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
 

Simran Bhutto

This news is Content Editor Simran Bhutto