ਛੱਤ ਡਿੱਗਣ ਕਾਰਣ ਮਰੇ 2 ਬੱਚਿਆਂ ਦੇ ਪਰਿਵਾਰ ਨੂੰ ਸਰਕਾਰ ਨੇ ਭੇਜੀ ਆਰਥਿਕ ਸਹਾਇਤਾ

09/09/2020 6:00:15 PM

ਅਬੋਹਰ (ਰਹੇਜਾ, ਸੁਨੀਲ): ਬੀਤੇ ਦਿਨੀਂ ਅਜੀਤ ਨਗਰ 'ਚ ਛੱਤ ਡਿੱਗਣ ਕਾਰਣ ਇਕ ਹੀ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋਣ ਦੇ ਮਾਮਲੇ 'ਚ ਪ੍ਰਸ਼ਾਸਨ ਨੇ ਪਰਿਵਾਰ ਨੂੰ ਲੱਖਾਂ ਰੁਪਏ ਦੀ ਆਰਥਿਕ ਸਹਾਇਤਾ ਭੇਜੀ ਹੈ। ਜਾਣਕਾਰੀ ਮੁਤਾਬਕ 16 ਜੁਲਾਈ ਨੂੰ ਅਜੀਤ ਨਗਰ ਵਾਸੀ ਸੁਨੀਲ ਡੋਡਾ ਦੇ ਪੁੱਤਰ ਵੰਸ਼ ਅਤੇ ਪੁੱਤਰੀ ਰਜਨੀ ਡੋਡਾ ਛੱਤ ਦੇ ਮਲਬੇ ਹੇਠ ਦਬ ਕੇ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਇਆ ਗਿਆ ਸੀ। ਜਾਂਚ ਦੇ ਬਾਅਦ ਡਾਕਟਰਾਂ ਨੇ ਰਜਨੀ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਸੀ ਅਤੇ ਵੰਸ਼ ਨੂੰ ਰੈਫਰ ਕਰ ਦਿੱਤਾ ਸੀ।

ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਕਾਰਣ 7 ਸਾਲਾਂ ਦਾ ਵੰਸ਼ ਡੋਡਾ ਵੀ ਇਲਾਜ ਦੇ ਦੌਰਾਨ ਮੌਤ ਦਾ ਸ਼ਿਕਾਰ ਹੋ ਗਿਆ। ਪਰਿਵਾਰ ਦੀ ਮਾੜੀ ਹਾਲਤ ਦੇਖਦੇ ਹੋਏ ਸਮਾਜ ਦੇ ਹਰੇਕ ਵਰਗ ਨੇ ਸਰਕਾਰ ਤੋਂ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਸੀ। ਹੁਣ ਸਰਕਾਰ ਨੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ 'ਚ ਭੇਜ ਦਿੱਤੀ ਹੈ। ਇਸ ਰਾਸ਼ੀ ਤੋਂ ਬੇਸ਼ਕ ਪਰਿਵਾਰ 'ਚ ਬੱਚਿਆਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਪਰ ਉਨ੍ਹਾਂ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਣ 'ਚ ਜ਼ਰੂਰ ਮਦਦ ਮਿਲੇਗੀ। ਮ੍ਰਿਤਕਾਂ ਦੇ ਪਿਤਾ ਸੁਨੀਲ ਡੋਡਾ ਅਤੇ ਦਾਦਾ ਸੁਰਜੀਤ ਡੋਡਾ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਵਿਧਾਇਕ ਅਰੁਣ ਨਾਰੰਗ, ਅਬੋਹਰ ਕਾਂਗਰਸ ਮੁੱਖੀ ਸੰਦੀਪ ਜਾਖੜ, ਸਰਪੰਚ ਬਾਬੂ ਰਾਮ ਦਾ ਧੰਨਵਾਦ ਕੀਤਾ ਹੈ।ਐੱਸ. ਡੀ. ਐੱਮ. ਜਸਪਾਲ ਸਿੰਘ ਬਰਾੜ ਨੇ ਕਿਹਾ ਕਿ ਬਰਸਾਤ ਦੇ ਕਾਰਣ ਡਿੱਗੀਆਂ ਛੱਤਾਂ ਤੋਂ ਜੋ ਵੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ ਉਸਦੀ ਪੂਰੀ ਲਿਸਟ ਬਣਾ ਕੇ ਸਰਕਾਰ ਨੂੰ ਭੇਜੀ ਹੋਈ ਹੈ, ਜਲਦ ਹੀ ਸਾਰੇ ਨਿਯਮਾਂ ਮੁਤਾਬਕ ਮੁਆਵਜ਼ਾ ਦਿੱਤਾ ਜਾ ਰਿਹਾ ਹੈ।


Shyna

Content Editor

Related News