ਸਮਾਜ ਵਿਰੋਧੀ ਅਨਸਰਾਂ ਦੀ ਹੁਣ ਖ਼ੈਰ ਨਹੀਂ, ਪੁਲਸ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

09/25/2022 9:20:35 PM

ਫਿਰੋਜ਼ਪੁਰ (ਕੁਮਾਰ) : ਸਮਾਜ ਵਿਰੋਧੀ ਅਨਸਰਾਂ, ਨਸ਼ਾ ਸਮੱਗਲਰਾਂ, ਗੈਂਗਸਟਰਾਂ ਤੇ ਅੱਤਵਾਦੀਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਪੁਲਸ ਨੇ ਹੈਲਪਲਾਈਨ ਨੰਬਰ 9646400112 ਜਾਰੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫਿਰੋਜ਼ਪੁਰ ਸੁਰਿੰਦਰ ਲਾਂਬਾ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਇਸ ਮੁਹਿੰਮ ਦੀ ਪੂਰੀ ਕਾਮਯਾਬੀ ਆਮ ਲੋਕਾਂ ਦੇ ਸਹਿਯੋਗ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਮੁਹਿੰਮ ਦਾ ਸਮਰਥਨ ਕਰਨ ਅਤੇ ਸ਼ੱਕੀ ਸਮਾਜ ਵਿਰੋਧੀ ਅਨਸਰਾਂ ਬਾਰੇ ਪੂਰੀ ਜਾਣਕਾਰੀ ਪੁਲਸ ਨੂੰ ਦੇਣ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਜ਼ਿਲ੍ਹਾ ਫਿਰੋਜ਼ਪੁਰ ’ਚ ਇਸ ਸਾਰੀ ਕਾਰਵਾਈ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ : ਸਤਲੁਜ ਦਰਿਆ 'ਚ ਪਾਕਿਸਤਾਨ ਵਾਲੇ ਪਾਸਿਓਂ ਰੁੜਦੀ ਆ ਰਹੀ ਕੋਲਡ ਡ੍ਰਿੰਕ ਦੀ ਬੋਤਲ 'ਚੋਂ ਬਰਾਮਦ ਹੋਈ ਹੈਰੋਇਨ

ਐੱਸ. ਐੱਸ. ਪੀ. ਲਾਂਬਾ ਨੇ ਕਿਹਾ ਕਿ ਦੇਸ਼ ਦੇ ਹਰੇਕ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣ, ਇਸ ਲਈ ਆਮ ਲੋਕ ਇਸ ਹੈਲਪਲਾਈਨ ਨੰਬਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਨਸ਼ਾ ਸਮੱਗਲਰਾਂ, ਗੈਂਗਸਟਰਾਂ, ਅੱਤਵਾਦੀਆਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਸਬੰਧੀ ਉਨ੍ਹਾਂ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਇਸ ਨੰਬਰ ’ਤੇ ਟੈਕਸਟ ਮੈਸੇਜ ਜਾਂ ਵ੍ਹਟਸਐਪ ਮੈਸੇਜ ਭੇਜ ਕੇ ਜਾਂ ਕਾਲ ਕਰ ਕੇ ਹਰ ਜਾਣਕਾਰੀ ਸਾਂਝੀ ਕਰ ਸਕਦੇ ਹਨ। ਇਸ ਹੈਲਪਲਾਈਨ ਨੰਬਰ ’ਤੇ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਵੇਗੀ ਅਤੇ ਉਸ ਵੱਲੋਂ ਦਿੱਤੀ ਗਈ ਸੂਚਨਾ ਨੂੰ ਦੇਖਦੇ ਹੋਏ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Mandeep Singh

This news is Content Editor Mandeep Singh