ਝੋਨੇ ਦੀ ਲਵਾਈ ਸ਼ੁਰੂ ਹੋਣ ਦੇ ਬਾਵਜੂਦ ਵੀ ਨਹਿਰ ਮਹਿਕਮੇ ਵਲੋਂ ਨਹੀਂ ਕੀਤੀ ਗਈ ਕੱਸੀਆਂ ਦੀ ਸਫ਼ਾਈ

06/15/2021 6:03:02 PM

ਮੰਡੀ ਲਾਧੂਕਾ (ਸੰਧੂ): ਪੰਜਾਬ ’ਚ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜੋਰਾਂ ’ਤੇ ਚੱਲ ਰਿਹਾ ਹੈ। ਜਿੱਥੇ ਇਕ ਪਾਸੇ ਨਹਿਰ ਮਹਿਕਮੇਂ ਵਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਦੇਣ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਦੂਜੇ ਅਸਲੀਅਤ ਕੁੱਝ ਹੋਰ ਹੈ। ਜਿਸ ਦੀ ਦੀ ਜਿਊਂਦੀ ਜਾਗਦੀ ਮਿਸਾਲ ਮੰਡੀ ਲਾਧੂਕਾ ਨੇੜਲੇ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਲੀ ਚੱਕ ਪੱਖੀ ਈਸਟਨ ਕੈਨਾਲ ਮੇਨ ’ਚ ਨਿਕਲਦੇ ਹੌਜ ਖਾਸ ਮਾਈਨਰ ਦੀ ਮਹਿਕਮੇ ਵਲੋਂ ਸਫਾਈ ਨਾ ਕਰਵਾਉਣ ਕਰਕੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟਿਊਬਵੈੱਲਾਂ ਰਾਹੀ ਪਾਣੀ ਦੀ ਪੂਰਤੀ ਨਾ ਹੋਣ ਕਰਕੇ ਹੌਜ ਖਾਸ ਮਾਈਨਰ ਜੋ ਕਿ ਲਗਭਗ 12 ਪਿੰਡਾਂ ਨੂੰ ਪਾਣੀ ਮੁਹੱਈਆ ਕਰਵਾਉਂਦੀ ਹੈ, ਉਸ ਦੀ ਸਫਾਈ ਕਿਸਾਨਾਂ ਨੂੰ ਖੁਦ ਕਰਨੀ ਪੈ ਰਹੀ ਹੈ।

ਅੱਜ ਮਾਈਨਰ ਦੀ ਸਫਾਈ ਕਰਨ ਦੌਰਾਨ ਪਿੰਡ ਚੱਕ ਛੱਪੜੀ ਵਾਲਾ ਦੇ ਕਿਸਾਨ ਅਤੇ ਪਿੰਡ ਦੇ ਸਰਪੰਚ ਹਰਕ੍ਰਿਸ਼ਨ ਲਾਲ,ਕਾਮਰੇਡ ਹਰਭਜਨ ਛੱਪੜੀ ਵਾਲਾ, ਭੀਮ ਸੈਨ,ਸਤੀਸ਼ ਛੱਪੜੀ ਵਾਲਾ, ਹਰਕ੍ਰਿਸ਼ਨ ਲਾਲ, ਮਿਲਖ ਰਾਜ, ਹੰਸ ਰਾਜ,ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੱਸੀਆਂ ਦੀ ਸਫਾਈ ਨਾ ਕਰਵਾਏ ਜਾਣ ਕਰਕੇ ਕਿਸਾਨ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ ਅਤੇ ਪਾਣੀ ਦੀ ਪੂਰਤੀ ਲਈ ਖੁਦ ਨੂੰ ਸਫਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਇਸਦੇ ਲਈ ਜਿੰਮੇਵਾਰ ਸੰਬੰਧਿਤ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਾਂ ਤੋਂ ਇਲਾਵਾ ਹਰਭਜਨ ਲਾਲ, ਸਤਨਾਮ ਰਾਏ, ਸੂਬਾ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।   

ਇਸ ਸਬੰਧੀ ਐਸ.ਡੀ.ਓ. ਟਹਿਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਸਰਕਾਰ ਦੀਆਂ ਹਿਦਾਇਤਾਂ ਛੋਟੀਆਂ ਕੱਸੀਆਂ ਦੀ ਸਫਾਈ ਦੀ ਕੰਮ ਮਨਰੇਗਾ ਅਧੀਨ ਮਜਦੂਰਾਂ ਕੋਲੋਂ ਕਰਵਾਉਂਣਾ ਹੁੰਦਾ ਅਤੇ ਲੇਬਰ ਦੀ ਘਾਟ ਕਾਰਣ ਸਫਾਈ ਕਰਵਾਉਣ ’ਚ ਦੇਰੀ ਹੋ ਜਾਂਦੀ ਹੈ ਪਰ ਫਿਰ ਵਿਭਾਗ ਵਲੋਂ 100 ਦੇ ਕਰੀਬ ਮਨਰੇਗਾ ਲਗਾਏ ਗਏ ਹਨ ਅਤੇ ਕੱਸੀਆਂ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।


Shyna

Content Editor

Related News