ਚਾਚੇ ਭਤੀਜੇ ਨੂੰ ਅਗਵਾਹ ਕਰਨ ਅਤੇ ਵਿਆਹੁਤਾ ਤੋਂ ਦਾਜ ਦੀ ਮੰਗ ਕਰਨ ਦੇ ਦੋਸ਼ ’ਚ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ

01/30/2021 5:14:37 PM

ਜ਼ੀਰਾ (ਗੁਰਮੇਲ ਸੇਖਵਾਂ): ਕਥਿਤ ਰੂਪ ’ਚ ਘਰ ’ਚ ਦਾਖ਼ਲ ਹੋ ਕੇ ਮਾਰਕੁੱਟ ਕਰਨ,ਇਕ ਜਨਾਨੀ ਦੇ ਪੁੱਤਰ ਅਤੇ ਦਿਓਰ ਨੂੰ ਅਗਵਾਹ ਕਰਨ ਅਤੇ ਧੀ ਨੂੰ ਦਾਜ ਲਈ ਪਰੇਸ਼ਾਨ ਕਰਨ ਦੇ ਨਾਲ-ਨਾਲ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਥਾਣਾ ਜ਼ੀਰਾ ਦੀ ਪੁਲਸ ਨੇ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਜ਼ੀਰਾ ਦੇ ਏ.ਐੱਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਮੁਦੱਈਆ ਪ੍ਰਕਾਸ਼ ਕੌਰ ਪਤਨੀ ਸ਼ਬੇਗ ਸਿੰਘ ਵਾਸੀ ਪਿੰਡ ਨੂਰਪੁਰ ਨੇ ਦੱਸਿਆ ਕਿ ਉਸਦੀ ਬੇਟੀ ਮਨਦੀਪ ਕੌਰ ਦਾ ਵਿਆਹ ਸਿਮਰਨਜੀਤ ਸਿੰਘ ਉਰਫ ਸਿਮਰ ਪੁੱਤਰ ਛਿੰਦਰ ਸਿੰਘ ਵਾਸੀ ਜਮਾਲੀ ਵਾਲਾ ਮਖੂ ਦੇ ਨਾਲ ਹੋਇਆ ਸੀ, ਜੋ ਉਸਦੀ ਬੇਟੀ ਮਨਦੀਪ ਕੌਰ ਨੂੰ ਦਾਜ ਲਈ ਪਰੇਸ਼ਾਨ ਕਰਦੇ ਸਨ। ਸ਼ਿਕਾਇਤਕਰਤਾ ਅਨੁਸਾਰ ਦਾਜ ਦੀ ਮੰਗ ਪੂਰੀ ਨਾ ਕਰ ਪਾਉਣ ’ਤੇ ਉਸਦੀ ਧੀ 4 ਮਹੀਨਿਆਂ ਤੋਂ ਪੇਕੇ ਘਰ ਬੈਠੀ ਹੋਈ ਸੀ।

ਮੁਦੱਈ ਅਨੁਸਾਰ ਦੋਸ਼ੀ ਸਿਮਰਨਜੀਤ ਸਿੰਘ ਸਮੇਤ ਸਤਪਾਲ ਸਿੰਘ ਉਰਫ ਸੱਤਾ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਮਨੂ ਮਾਛੀ ਅਤੇ 8 ਅਣਪਛਾਤੇ ਲੋਕ, ਬੀਤੇ ਦਿਨ ਸਕਾਰਪੀਓ ਗੱਡੀ ’ਤੇ ਉੁਸਦੇ ਘਰ ਆਏ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਤੇ ਅਸਲਾ ਵੀ ਸੀ। ਮੁਦੱਈਆ ਪ੍ਰਕਾਸ਼ ਕੌਰ ਨੇ ਦੋਸ਼ ਲਗਾਇਆ ਕਿ ਦੋਸ਼ੀ ਉਸਦੇ ਬੇਟੇ ਅਵਤਾਰ ਸਿੰਘ ਅਤੇ ਦਿਓਰ ਗੁਰਦੇਵ ਸਿੰਘ ਨੂੰ ਅਗਵਾਹ ਕਰਕੇ ਲੈ ਗਏ ਤੇ ਜਾਨੋ ਮਾਰਨ ਦੀਆਂ ਧਮਕੀਆ ਦੇ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। 


Shyna

Content Editor

Related News