ਲੋਹੜੀ ਵਾਲੀ ਰਾਤ ਪਿੰਡ ਟਿਵਾਣਾ ਕਲਾਂ ’ਚ ਗੁੰਡਾ ਅਨਸਰਾਂ ਨੇ ਪਾਇਆ ਭੜਥੂ, 2 ਵਿਅਕਤੀ ਜ਼ਖ਼ਮੀ

01/14/2021 2:14:03 PM

ਜਲਾਲਾਬਾਦ (ਨਿਖੰਜ,ਜਤਿੰਦਰ): ਬੁੱਧਵਾਰ ਦੀ ਰਾਤ ਜਿੱਥੇ ਕਿ ਲੋਕ ਲੋਹੜੀ ਦਾ ਤਿਉਹਾਰ ਮਨਾ ਕੇ ਖੁਸ਼ੀਆਂ ਸਾਂਝੀਆ ਕਰ ਰਹੇ ਸਨ। ਉਧਰ ਦੂਜੇ ਪਾਸੇ ਗੁੰਡਾ ਅਨਸਰਾਂ ਨੇ ਥਾਣਾ ਸਿਟੀ ਜਲਾਲਾਬਾਦ ਦੀ ਹਦੂਦ ਅੰਦਰ ਪੈਂਦੇ ਪਿੰਡ ਟਿਵਾਣਾ ਕਲਾਂ ’ਚ 50 ਦੇ ਕਰੀਬ ਹਥਿਆਰਬੰਦ ਗੁੰਡਾ ਅਨਸਰਾਂ ਨੇ ਸਾਢੇ 11 ਵਜੇ ਦੇ ਕਰੀਬ 3 ਘਰਾਂ ’ਚ ਪਹਿਲਾਂ ਇੱਟਾ ਰੋੜੇ ਮਾਰ ਕੇ ਦਹਿਸ਼ਤ ਫੈਲਾਉਣ ਤੋਂ ਬਆਦ ਪਿੰਡ ਦੇ ਵਸਨੀਕ ਮਹਿੰਦਰ ਸਿੰਘ ਤੇ ਉਸਦੇ ਪੁੱਤਰ ਦੇ ਘਰ ’ਚ ਜ਼ਬਰਦਸਤੀ ਦਾਖਲ ਹੋ ਕੇ ਕਾਨੂੰਨ ਦੀ ਪ੍ਰਵਾਹ ਨਾ ਕਰਦੇ ਹੋਏ ਪੂਰੇ ਘਰ ਦੀਆਂ ਕੰਧਾਂ ਸਣੇ ਘਰੇਲੂ ਸਾਮਾਨ ਦੇ ਨਾਲ ਮੋਟਰਸਾਈਕਲ, ਬੁਲੇਟ ਦੇ ਨਾਲ ਕੰਧਾਂ ਨੂੰ ਪੂਰੀ ਤਰ੍ਹਾਂ ਨਾਲ ਤਹਿਸ ਨਹਿਸ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤੋਂ ਬਆਦ ਪੀੜਤ ਪਰਿਵਾਰ ਦੇ ਵਲੋਂ ਸੂਚਨਾ ਸਬੰਧਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਦੇ ਕਾਫੀ ਦੇਰੀ ਨਾਲ ਆਉਣ ਦੇ ਕਾਰਨ ਗੁੰਡਾ ਅਨਸਰ ਫਰਾਰ ਹੋਏ ਗਏ। ਇਸ ਘਟਨਾ ’ਚ ਜ਼ਖ਼ਮੀ ਹੋਏ ਮਹਿੰਦਰ ਸਿੰਘ ਪੁੱਤਰ ਈਸਰ ਸਿੰਘ ਅਤੇ ਪੁੱਤਰ ਮਹਿੰਦਰ ਸਿੰਘ ਆਪਣੇ ਘਰ ’ਚ ਮੌਜੂਦ ਸਨ ਤਾਂ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ। ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ’ਚ ਪਰਿਵਾਰਿਕ ਮੈਂਬਰਾਂ ਵਲੋਂ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

PunjabKesari

ਜ਼ਖ਼ਮੀ ਮਹਿੰਦਰ ਸਿੰਘ ਦੇ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਟਿਵਾਣਾ ਕਲਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਦਾ ਇੱਕ ਪਰਿਵਾਰ ਚਿੱਟੇ ਨਸ਼ੇ ਦੀ ਤਸਕਰੀ ਕਰਦਾ ਸੀ ਲੋਕਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਣ ਤੋਂ ਬਆਦ ਉਕਤ ਵਿਅਕਤੀ ਪਿੰਡ ਤੋਂ ਬਾਹਰ ਰਹਿਣ ਲੱਗ ਪਏ ਸਨ। ਪੀੜਤ ਨੇ ਕਿਹਾ ਉਕਤ ਪਰਿਵਾਰ ਦਾ ਇੱਕ ਨੌਜਵਾਨ ਆਏ ਦਿਨੀਂ ਪਿੰਡ ’ਚ ਬੁਲਟ ਲਿਆ ਕੇ ਪਟਾਕੇ ਮਾਰਦਾ ਹੈ ਅਤੇ ਆਪਣੀ ਦਹਿਸ਼ਤ ਦਿਖਾਉਂਦਾ ਹੈ। ਜ਼ਖਮੀ ਦੇ ਪੁੱਤਰ ਨੇ ਅੱਗੇ ਕਿਹਾ ਕਿ ਬੀਤੀ ਰਾਤ ਲੋਹੜੀ ਦਾ ਤਿਉਹਾਰ ਮਨਾਉਣ ਤੋਂ ਬਆਦ ਉਸਦਾ ਪਿਤਾ ਮਹਿੰਦਰ ਸਿੰਘ ਅਤੇ ਭਰਾ ਸੁਰਜੀਤ ਸਿੰਘ ਆਪਣੇ-ਆਪਣੇ ਘਰਾਂ ’ਚ ਸੋ ਗਏ ਤਾਂ ਉਕਤ ਪਿੰਡ ਦਾ ਤਸਕਰ ਆਪਣੇ ਨਾਲ 50 ਦੇ  ਕਰੀਬ ਹਥਿਆਰ ਬੰਦ ਨੌਜਵਾਨਾਂ ਨੂੰ ਨਾਲ ਲੈ ਕੇ ਪਿੰਡ ਆ ਗਿਆ ਅਤੇ ਪਹਿਲਾਂ ਪਿੰਡ ਵਾਸੀ ਲਖਵਿੰਦਰ ਸਿੰਘ ਉਰਫ ਜੌਲੀ ਪੁੱਤਰ ਹਰਬੰਸ ਸਿੰਘ ਦੇ ਗੇਟ ਦੀ ਭੰਨਤੋੜ ਕੀਤੀ ਅਤੇ ਬਆਦ ਵਿਚ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਣ ਲੱਗੇ ਤਾਂ ਉਕਤ ਪਰਿਵਾਰ ਨੇ ਆਪਣਾ ਬਚਾਅ ਕਰਦੇ ਹੋਏ ਗੇਟ ਨੂੰ ਨਹੀਂ ਖੋਲਿ੍ਹਆ ਤਾਂ ਉਕਤ ਵਿਅਕਤੀ ਬਾਅਦ ਵਿਚ ਮੇਰੇ ਪਿਤਾ ’ਤੇ ਮੇਰੇ ਭਰਾ ਦੇ ਘਰ ਜ਼ਬਰਦਸਤੀ ਦਾਖ਼ਲ ਹੋ ਗਏ ਅਤੇ ਜਿਨ੍ਹਾਂ ਨੇ ਘਰ ਦੀਆਂ ਕੰਧਾਂ, ਫਰੀਜਾਂ, ਮੋਟਰਸਾਈਕਲ, ਬੁਲਟ ਅਤੇ ਅਲਮਾਰੀਆਂ, ਕੂਲਰ, ਰਸੋਈਆ ਤੋਂ ਇਲਾਵਾ ਬੈਂਡ, ਮੰਜੇ ਆਦਿ ਦੀ ਭੰਨਤੋੜ ਕੀਤੀ ਗਈ ਹੈ ਅਤੇ ਇਸਦੇ ਨਾਲ ਅਲਮਾਰੀ ਦਾ ਲੌਕ ਤੋੜ ਕੇ ਘਰ ’ਚ ਰੱਖੀ 54 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਗੈਸ ਸਿਲੰਡਰ ਆਦਿ ਵੀ ਪੁਲਸ ਦੇ ਆਉਣ ਤੋਂ ਪਹਿਲਾਂ ਚੋਰੀ ਕਰਕੇੇ ਫਰਾਰ ਹੋ ਗਏ ਹਨ।

PunjabKesari

ਪਿੰਡ ਵਾਸੀਆਂ ਤੇ ਪਰਿਵਾਰਾਂ ਨੇ ਕਿਹਾ ਕਿ ਉਕਤ ਪਿੰਡ ਦਾ ਪਰਿਵਾਰ ਪਹਿਲਾਂ ਵੀ ਕਈ ਲੋਕਾਂ ਦੇ ਘਰਾਂ ’ਚ ਮਾਲੀ ਨੁਕਸਾਨ ਕਰ ਚੁੱਕਾ ਹੈ ਅਤੇ ਪੁਲਸ ਦੀ ਢਿੱਲੀ ਕਾਰਵਾਈ ਹੋਣ ਤੋਂ ਬਆਦ ਉਕਤ ਵਿਅਕਤੀ ਜੇਲ੍ਹ ਤੋਂ ਬਹਾਰ ਆਉਣ ਤੋਂ ਬਾਅਦ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਪਿੰਡ ਵਾਸੀਆਂ ਤੇ ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਪਰਿਵਾਰਿਕ ਮੈਂਬਰਾਂ ਦੇ ਅਨੁਸਾਰ 7ਤੋਂ 8 ਲੱਖ ਦੇ ਕਰੀਬ ਭਾਰੀ ਨੁਕਸਾਨ ਹੋਇਆ ਹੈ। ਪਿੰਡ ਟਿਵਾਣਾ ਕਲਾਂ ਵਿਖੇ ਗੁੰਡਾ ਅਨਸਰਾਂ ਵੱਲੋਂ ਮਹਿੰਦਰ ਸਿੰਘ ਦੇ ਘਰ ’ਚ ਕੀਤੀ ਗਈ ਭੰਨਤੋੜ ਦੇ ਬਾਰੇ ’ਚ ਜਦੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਸ. ਹਰਜੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀ ਚੁੱਕਿਆ।ਇਸ ਤੋਂ ਬਆਦ ਪੂਰੀ ਘਟਨਾ ਦੀ ਜਾਣਕਾਰੀ ਲੈਣ ਲਈ ਥਾਣਾ ਸਿਟੀ ਦੇ ਐੱਸ.ਐੱਚ.ਓ. ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।


Shyna

Content Editor

Related News