ਇੰਦਰਜੀਤ ਕੌਰ ਖੋਸਾ ਨੇ ਦੇਸੀ ਘਿਉ ਦੀਆਂ ਪਿੰਨੀਆਂ ਬਣਵਾ ਕੇ ਦਿੱਲੀ ਕਿਸਾਨਾਂ ਲਈ ਭੇਜੀਆਂ

01/13/2021 12:40:10 PM

ਫਿਰੋਜ਼ਪੁਰ (ਕੁਮਾਰ): ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸੜਕਾਂ ’ਤੇ ਕੜਾਕੇ ਦੀ ਠੰਡ ਵਿਚ ਸ਼ਾਂਤੀਪੂਰਵਕ ਤਰੀਕੇ ਨਾਲ ਅੰਦੋਲਨ ਕਰ ਰਹੇ ਲੱਖਾਂ ਕਿਸਾਨਾਂ ਲਈ ਅੱਜ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਦੀ ਧਰਮਪਤਨੀ ਸ਼੍ਰੀਮਤੀ ਇੰਦਰਜੀਤ ਕੌਰ ਖੋਸਾ ਨੇ 10 ਕੁਇੰਟਲ ਦੇਸੀ ਘਿਉ ਦੀਆਂ ਪਿੰਨੀਆਂ ਅਤੇ ਦੋ ਟਰੱਕ ਲੱਕੜ ਦੇ ਦਿੱਲੀ ਕਿਸਾਨਾਂ ਲਈ ਭੇਜੇ। ਉਨ੍ਹਾਂ ਦੱਸਿਆ ਕਿ ਪਿੰਨੀਆਂ ਬਣਾਉਣ ’ਚ ਫਿਰੋਜ਼ਪੁਰ ਛਾਉਣੀ ਬਿਰਧ ਆਸ਼ਰਮ ਦੀਆਂ ਬੀਬੀਆਂ ਨੇ ਉਨ੍ਹਾਂ ਦਾ ਸਹਿਯੋਗ ਕੀਤਾ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਉਹ ਇਹ ਸਾਮਾਨ ਦਿੱਲੀ ਬੈਠੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਭੇਜਣ ਵਿਚ ਸਫਲ ਹੋ ਸਕੇ।

ਸ਼੍ਰੀਮਤੀ ਇੰਦਰਜੀਤ ਕੌਰ ਖੋਸਾ ਨੇ ਕਿਹਾ ਕਿ ਦਿੱਲੀ ਦੀ ਕੜਾਕੇ ਦੀ ਸਰਦੀ ਵਿਚ ਦਿੱਲੀ ਦੀਆਂ ਸੜਕਾਂ ’ਤੇ ਸਾਡੇ ਕਿਸਾਨ ਭਰਾ, ਭੈਣਾ ਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਦੇ ਨਾਲ ਕਾਲੇ ਕਿਸਾਨੀ ਕਾਨੂਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣਾ ਕਰੱਤਵ ਸਮਝਦੇ ਹੋਏ ਉਨ੍ਹਾਂ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਇਹ ਰਾਸ਼ਨ ਭੇਜਣ ਦਾ ਫੈਸਲਾ ਲਿਆ ਹੈ। ਇੰਦਰਜੀਤ ਕੌਰ ਖੋਸਾ ਨੇ ਕਿਹਾ ਕਿ ਅੱਗੇ ਵੀ ਉਹ ਅਜਿਹਾ ਸਾਮਾਨ ਦਿੱਲੀ ਕਿਸਾਨਾਂ ਦੇ ਲਈ ਭੇਜਦੇ ਰਹਿਣਗੇ ਅਤੇ ਖ਼ੁਦ ਵੀ ਦਿੱਲੀ ਜਾ ਕੇ ਕਿਸਾਨਾਂ ਦੇ ਨਾਲ ਧਰਨੇ ’ਤੇ ਬੈਠਣਗੇ। ਖੋਸਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਲਈ ਕਿੰਨੀ ਵੱਡੀ ਸ਼ਰਮ ਦੀ ਗੱਲ ਹੈ ਕਿ ਸਾਡੇ ਦੇਸ਼ ਦਾ ਅੰਨਦਾਤਾ ਕੜਾਕੇ ਦੀ ਸਰਦੀ ਵਿਚ ਆਪਣੇ ਪਰਿਵਾਰਾਂ ਨਾਲ ਦਿੱਲੀ ਦੀਆਂ ਸੜਕਾਂ ’ਤੇ ਬੈਠਾ ਹੈ ਅਤੇ ਮੋਦੀ ਸਰਕਾਰ ’ਤੇ ਕੋਈ ਅਸਰ ਨਹੀਂ ਹੋ ਰਿਹਾ। 


Shyna

Content Editor

Related News