ਪੰਜਾਬ ਸਰਕਾਰ ਵੱਲੋਂ ਖੱਤਰੀ ਅਰੋੜਾ ਵੈਲਫ਼ੇਅਰ ਬੋਰਡ ਦਾ ਕੀਤਾ ਗਠਨ

04/29/2021 12:42:17 PM

ਤਲਵੰਡੀ ਭਾਈ ‌(ਗੁਲਾਟੀ): ਪੰਜਾਬ ਸਰਕਾਰ ਵੱਲੋਂ ਅਰੋੜਾ ਖੱਤਰੀ ਭਾਈਚਾਰੇ ਦੀ ਭਲਾਈ ਲਈ ਖੱਤਰੀ ਅਰੋੜਾ ਵੈਲਫ਼ੇਅਰ ਬੋਰਡ ਦਾ ਗਠਨ ਕੀਤਾ ਗਿਆ ਹੈ। ਰਾਜਪਾਲ ਪੰਜਾਬ ਦੇ ਹਵਾਲੇ ਨਾਲ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵਲੋਂ ਜਾਰੀ ਸੂਚਨਾ 'ਚ ਦੱਸਿਆ ਹੈ ਕਿ ਇਸ ਬੋਰਡ ਦੇ ਕੁੱਲ 7 ਮੈਂਬਰ ਹੋਣਗੇ ਜਿੰਨ੍ਹਾਂ 'ਚੋਂ ਇੱਕ ਚੇਅਰਮੈਨ, ਇੱਕ ਸੀਨੀਅਰ ਵਾਇਸ ਚੇਅਰਮੈਨ ਤੇ ਇੱਕ ਵਾਇਸ ਚੇਅਰਮੈਨ ਹੋਵੇਗਾ।

ਇਹ ਬੋਰਡ ਅਰੋੜਾ ਖੱਤਰੀ ਸਮਾਜ ਨੂੰ ਦਰਪੇਸ਼ ਸਮੱਸਿਆ ਸਬੰਧੀ ਸਰਕਾਰ ਤੇ ਸਮਾਜ ਵਿਚਕਾਰ ਤਾਲਮੇਲ ਦਾ ਕੰਮ ਕਰੇਗਾ। 2 ਸਾਲ ਦੀ ਮਿਆਦ ਵਾਲੇ ਇਸ ਬੋਰਡ ਦਾ ਮੁੱਖ ਦਫਤਰ ਚੰਡੀਗੜ੍ਹ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਅਰੋੜਾ ਖੱਤਰੀ ਭਾਈਚਾਰੇ ਦੇ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਉਕਤ ਬੋਰਡ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਜਿਨ੍ਹਾਂ ਦੀ ਇਸ ਚਿਰਕੌਣੀ ਮੰਗ ਨੂੰ ਬੂਰ ਪੈ ਗਿਆ ਹੈ। ਇਸ ਸਬੰਧੀ ਖੱਤਰੀ ਅਰੋੜਾ ਸਭਾ ਦੇ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ ਅਤੇ ਕਾਂਗਰਸੀ ਆਗੂ ਕੁਲਵੰਤ ਕਟਾਰੀਆ ਮੁੱਦਕੀ ਵੱਲੋਂ ਪੰਜਾਬ ਸਰਕਾਰ ਵੱਲੋਂ ਬੋਰਡ ਬਣਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਬੋਰਡ ਦੇ ਬਨਣ ਨਾਲ ਅਰੋੜਾ ਖੱਤਰੀ ਭਾਈਚਾਰੇ ਦੀ ਭਲਾਈ ਲਈ ਕੰਮ ਕੀਤਾ ਜਾ ਸਕੇਗਾ। 


Shyna

Content Editor

Related News