ਫਿਰੋਜ਼ਪੁਰ ਵਿਖੇ ਕਾਂਸਟੇਬਲ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼, ਚੱਲੀਆਂ ਗੋਲ਼ੀਆਂ, ਹਥਿਆਰਾਂ ਸਣੇ ਦੋ ਵਿਅਕਤੀ ਕਾਬੂ

07/14/2022 2:43:59 PM

ਫਿਰੋਜ਼ਪੁਰ (ਕੁਮਾਰ) : ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਸੀਨੀਅਰ ਕਾਂਸਟੇਬਲ ਰਣਜੀਤ ਸਿੰਘ ਦੀ ਅਗਵਾਈ 'ਚ ਹਥਿਆਰਾਂ ਨਾਲ ਲੈਸ ਕਾਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੋ ਵਿਅਕਤੀਆਂ ਨੇ ਸੀਨੀਅਰ ਕਾਂਸਟੇਬਲ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ ਕਾਰ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ- ਕੌੜਾ ਸੱਚ! ਮੁੰਡਿਆਂ ਮਗਰੋਂ ਹੁਣ ‘ਚਿੱਟੇ’ ਦੀ ਲਪੇਟ ’ਚ ਆਈਆਂ ਕੁੜੀਆਂ; ਮਾਂ ਨੂੰ ਵੇਖ ਨਸ਼ੇ 'ਤੇ ਲੱਗਾ ਪੁੱਤ

ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੇ ਸੀਨੀਅਰ ਕਾਂਸਟੇਬਲ ਦੀ ਅਗਵਾਈ ਹੇਠਾਂ ਜਦੋਂ ਪੁਲਸ ਪਾਰਟੀ ਵੱਲੋਂ ਸ਼ਹੀਦ ਊਧਮ ਸਿੰਘ ਚੌਂਕ ਫਿਰੋਜ਼ਪੁਰ ਸ਼ਹਿਰ ਦੇ ਏਰੀਏ 'ਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਹੈ ਕਿ ਐਕਸ.ਯੂ.ਵੀ 300 ਚਿੱਟੇ ਰੰਗ ਦੇ ਪੰਜਾਬ ਨੰਬਰ ਦੀ ਇੱਕ ਕਾਰ 'ਚ ਦੋ ਨੌਜਵਾਨ ਨਾਜਾਇਜ਼ ਹਥਿਆਰਾਂ ਸਮੇਤ ਘੁੰਮ ਰਹੇ ਹਨ ਅਤੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ। ਜਦੋਂ ਪੁਲਸ ਪਾਰਟੀ ਨੇ ਮੱਲਾਂਵਾਲ ਰੋਡ ’ਤੇ ਬਾਬਾ ਡੇਅਰੀ ਨੇੜੇ ਸ਼ੱਕੀ ਵਾਹਨ ਨੂੰ ਦੇਖਿਆ ਤਾਂ ਪੁਲਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੁੱਕਣ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਰੋਕਣ ਦੀ ਬਜਾਏ ਸੀਨੀਅਰ ਕਾਂਸਟੇਬਲ ਨੂੰ ਮਾਰਨ ਦੀ ਨੀਅਤ ਨਾਲ ਕਾਰ ਉਸ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ- ਦੁਬਈ ਤੋਂ ਚੰਡੀਗੜ੍ਹ ਆਈ ਫਲਾਈਟ ’ਚੋਂ 91.39 ਲੱਖ ਦਾ ਸੋਨਾ ਬਰਾਮਦ

ਇਸ ਦੌਰਾਨ ਆਪਣੀ ਜਾਨ ਬਚਾਉਂਦਿਆਂ ਕਾਂਸਟੇਬਲ ਨੇ ਆਪਣੀ ਸਰਵਿਸ ਰਾਈਫਲ ਨਾਲ ਨਾਮਜ਼ਦ ਵਿਅਕਤੀਆਂ ਦੀ ਕਾਰ ਦੇ ਟਾਇਰ 'ਤੇ ਤਿੰਨ ਗੋਲ਼ੀਆਂ ਚਲਾਈਆਂ, ਜਿਸ ਨਾਲ ਗੱਡੀ ਪੰਕਚਰ ਹੋ ਗਈ। ਜਿਸ ਤੋਂ ਬਾਅਦ ਪੁਲਸ ਪਾਰਟੀ ਵੱਲੋਂ ਅਮਰੀਕ ਪੁੱਤਰ ਜੋਗਿੰਦਰ ਅਤੇ ਸੁਖਦੇਵ ਸਿੰਘ ਪੁੱਤਰ ਬਾਜ਼ ਨੂੰ ਕਾਬੂ ਕਰ ਲਿਆ ਗਿਆ ਅਤੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਇਕ ਇਟਲੀ ਦਾ ਬਣਿਆ 32 ਬੋਰ ਦਾ ਪਿਸਤੌਲ,  ਜਿਸ ਵਿਚ ਇਕ ਮੈਗਜ਼ੀਨ ਅਤੇ 2 ਜਿੰਦਾ ਕਾਰਤੂਸ ਅਤੇ ਇਕ ਦੇਸੀ ਬਣਿਆ 32 ਬੋਰ ਬਰਾਮਦ ਹੋਏ। ਪੁਲਸ ਨੇ ਕਾਬੂ ਕੀਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਵਿੱਚ ਆਈ.ਪੀ.ਸੀ. ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News