ਖਸਤਾ ਹਾਲਤ ਸਡ਼ਕ ਕਾਰਨ ਕਈ ਪਿੰਡਾਂ ਦੇ ਲੋਕ ਪ੍ਰੇਸ਼ਾਨ

12/12/2018 3:51:19 PM

ਫਿਰੋਜ਼ਪੁਰ (ਕੁਲਦੀਪ)– ਹੁਸੈਨੀਵਾਲਾ ਬਾਰਡਰ ਤੋਂ ਗੱਟੀ ਰਾਜੋ ਕੀ ਨੂੰ ਜਾਂਦੀ ਲਿੰਕ ਸਡ਼ਕ ਖਸਤਾ ਹੋਣ ਕਾਰਨ ਦਰਜਨ ਤੋਂ ਵਧੇਰੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਡ਼ਕ 2 ਸਾਲ ਪਹਿਲਾਂ ਬਣੀ ਸੀ, ਜੋ ਇਸ ਵਕਤ ਦੁਬਾਰਾ ਨਵ-ਨਿਰਮਾਣ ਦੀ ਮੰਗ ਕਰ ਰਹੀ ਹੈ। ਸਡ਼ਕ ਦੀ ਚੌਡ਼ਾਈ ਘੱਟ ਹੋਣ ਕਾਰਨ 2 ਵਾਹਨਾਂ ਦਾ ਕਰਾਸ ਕਰਨਾ ਮੁਸ਼ਕਲ ਹੈ। ਜੇਕਰ 2 ਵੱਡੇ ਵਾਹਨਾਂ ਨੇ ਕਰਾਸ ਕਰਨਾ ਹੋਵੇ ਤਾਂ ਵਾਹਨਾਂ ਨੂੰ ਦੂਰ ਤੱਕ ਖਡ਼੍ਹ ਕੇ ਇੰਤਜ਼ਾਰ ਕਰਨਾ ਪੈਂਦਾ ਹੈ। ਉਥੋਂ ਦੇ ਦਰਸ਼ਨ ਸਿੰਘ, ਜਰਨੈਲ ਸਿੰਘ, ਰਾਜ ਕੁਮਾਰ, ਜਸਪਾਲ ਕਟਵਾਲ, ਸੁਖਚੈਨ ਸਿੰਘ ਵਿਲਾਸਰਾ, ਸਾਹਿਬ ਸਿੰਘ, ਹਰਜਿੰਦਰ ਸਿੰਘ ਆਦਿ ਲੋਕਾਂ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਵੱਲੋਂ ਕਈ ਵਾਰ ਸਡ਼ਕ ਨੂੰ ਚੌਡ਼ਾ ਕਰ ਕੇ ਨਵ-ਨਿਰਮਾਣ ਕਰਨ ਸਬੰਧੀ ਮੰਗ ਕੀਤੀ ਗਈ ਹੈ ਪਰ ਹੁਣ ਤੱਕ ਕਿਸੇ ਵੀ ਸਬੰਧਤ ਮਹਿਕਮੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਹ ਸਡ਼ਕ ਦਿਨੋ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਡ਼ਕ ਦੀ ਚੌਡ਼ਾਈ ਘੱਟ ਅਤੇ ਉੱਚੀ ਜ਼ਿਆਦਾ ਹੋਣ ਕਾਰਨ ਸਡ਼ਕ ਦੇ ਕਿਨਾਰੇ ਮਜ਼ਬੂਤ ਨਹੀਂ। ਜਦ ਵੀ ਫਸਲ ਬੀਜਾਈ ਦਾ ਸਮਾਂ ਆਉਂਦਾ ਹੈ ਤਾਂ ਕੁਝ ਕਿਸਾਨ ਸਡ਼ਕ ਕਿਨਾਰੇ ਤੋਂ ਸਡ਼ਕ ਨੂੰ ਵਾਹ ਕੇ ਆਪਣੀ ਜ਼ਮੀਨ ’ਚ ਮਿਲਾ ਲੈਂਦੇ ਹਨ, ਜਿਸ ਕਾਰਨ ਸਡ਼ਕ ਦਿਨੋ-ਦਿਨ ਪਹੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਸਡ਼ਕ ਦੀ ਚੌਡ਼ਾਈ ਘੱਟ ਅਤੇ ਉੱਚੀ ਹੋਣ ਕਾਰਨ ਝੋਨੇ ਅਤੇ ਕਣਕ ਦੇ ਸੀਜ਼ਨ ਦੌਰਾਨ ਇਥੇ ਕਈ ਵਾਰ ਵਾਹਨ ਪਲਟ ਜਾਂਦੇ ਹਨ, ਜਿਸ ਕਾਰਨ ਫਸਲ ਵੀ ਬਰਬਾਦ ਹੁੰਦੀ ਹੈ। ਉਨ੍ਹਾਂ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਕਿ ਇਸ ਸਡ਼ਕ ਨੂੰ ਚੌਡ਼ਾ ਕਰਨ ਦੀ ਮੰਗ ਨੂੰ ਪੂਰਾ ਕਰ ਕੇ ਇਸ ਸਡ਼ਕ ਦਾ ਨਵ-ਨਿਰਮਾਣ ਕੀਤਾ ਜਾਵੇ।