30 ਦਸੰਬਰ ਨੂੰ 838 ਪੰਚਾਇਤਾਂ ਲਈ ਪੈਣਗੀਆਂ ਵੋਟਾਂ : ਡੀ. ਸੀ.

12/12/2018 3:54:55 PM

ਫਿਰੋਜ਼ਪੁਰ (ਕੁਮਾਰ, ਮਨਦੀਪ, ਮਲਹੋਤਰਾ, ਕੁਲਦੀਪ, ਸ਼ੈਰੀ, ਪਰਮਜੀਤ)– ਜ਼ਿਲੇ ਦੀਆਂ 838 ਪੰਚਾਇਤਾਂ ਦੀਆਂ 30 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਐੱਸ. ਡੀ. ਐੱਮਜ਼, ਬੀ. ਡੀ. ਪੀ. ਓਜ਼ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਸਮੂਹ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਸਰਪੰਚ ਦੀ ਚੋਣ ਲਈ 30 ਹਜ਼ਾਰ ਤੇ ਪੰਚ ਦੀ ਚੋਣ ਲਈ 20 ਹਜ਼ਾਰ ਰੁਪਏ ਤੱਕ ਦਾ ਖਰਚਾ ਤੈਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਚੋਣ ਪ੍ਰੋਗਰਾਮ ਅਨੁਸਾਰ 15 ਤੋਂ 19 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ ਤੇ 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪਡ਼ਤਾਲ ਕੀਤੀ ਜਾਵੇਗੀ। ਉਮੀਦਵਾਰ 21 ਦਸੰਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ ਅਤੇ ਉਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ। 30 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਸ ਉਪਰੰਤ ਮੌਕੇ ’ਤੇ ਹੀ ਵੋਟਾਂ ਦੀ ਗਿਣਤੀ ਕਰ ਕੇ ਨਤੀਜੇ ਐਲਾਨੇ ਜਾਣਗੇ। ਜ਼ਿਲਾ ਚੋਣ ਅਫਸਰ ਨੇ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਪੋਲਿੰਗ ਬੂਥਾਂ ਦੀ ਨਿੱਜੀ ਤੌਰ ’ਤੇ ਚੈਕਿੰਗ ਕਰ ਕੇ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਬੂਥਾਂ ’ਚ ਲੋਡ਼ੀਂਦੀਆਂ ਸਾਰੀਆਂ ਸਹੂਲਤਾਂ ਉਪਲੱਬਧ ਹਨ ਤਾਂ ਜੋ ਵੋਟਰਾਂ ਤੇ ਚੋਣ ਅਮਲੇ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇੇ।