ਕਿਸਾਨ ਅਤੇ ਆੜ੍ਹਤੀ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ਚਹੁੰਮਾਰਗੀ ਪੁਲ ''ਤੇ ਜ਼ਬਰਦਸਤ ਰੋਸ ਪ੍ਰਦਰਸ਼ਨ

09/15/2020 2:48:03 PM

ਜ਼ੀਰਾ (ਗੁਰਮੇਲ ਸੇਖ਼ਵਾ): ਕੇਂਦਰ ਦੇ ਕਿਸਾਨ ਅਤੇ ਲੋਕ ਮਾਰੂ ਫ਼ੈਸਲੇ ਦੇ ਵਿਰੁੱਧ ਵੱਖ-ਵੱਖ ਕਿਸਾਨ ਅਤੇ ਆੜ੍ਹਤੀ ਜਥੇਬੰਦੀਆਂ ਵੱਲੋਂ ਜ਼ੀਰਾ-ਫ਼ਰੀਦਕੋਟ ਅਤੇ ਫ਼ਿਰੋਜ਼ਪੁਰ-ਲੁਧਿਆਣਾ ਨੈਸ਼ਨਲ ਹਾਈਵੇ 54 ਬਾਈਪਾਸ ਚਹੁੰਮਾਰਗੀ ਪੁਲ ਜਾਮ ਕਰਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ 'ਚ ਜ਼ੀਰਾ ਦੇ ਕਿਸਾਨ ਜਥੇਬੰਦੀਆਂ ਦੇ ਆਗੂਆਂ, ਆੜ੍ਹਤੀ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ, ਟਰੱਕ ਯੂਨੀਅਨ, ਲੇਬਰ ਯੂਨੀਅਨ ਤੋਂ ਇਲਾਵਾ ਤਲਵੰਡੀ ਭਾਈ ਅਤੇ ਪੰਜਾਬ ਦੇ ਕਿਸਾਨ ਅਤੇ ਆੜ੍ਹਤੀ ਜਥੇਬੰਦੀਆਂ ਦੇ ਨੁਮਾਇੰਦਿਆਂ ਭਾਗ ਲਿਆ।

ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢ ਪਿੱਟ ਸਿਆਪਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਦੀ ਆੜ ਹੇਠ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਉਜਾੜਨ ਦਾ ਜੋ ਤਿੰਨ ਆਰਡੀਨੈਂਸ ਬਿੱਲ ਪਾਸ ਕੀਤੇ ਗਏ ਹਨ, ਨਾਲ ਕਿਸਾਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਵੇਗਾ, ਜਿਸ ਨਾਲ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬਿਆ ਭਾਰਤ ਦਾ ਸਮੁੱਚਾ ਕਿਸਾਨ ਅਤੇ ਹਰ ਵਰਗ ਦਾ ਕਚੁੰਮਰ ਨਿਕਲ ਜਾਵੇਗਾ।

ਧਰਨੇ ਵਿੱਚ ਸ਼ਾਮਲ ਪੰਜਾਬ ਆੜ੍ਹਤੀਆ ਦੇ ਪ੍ਰਧਾਨ ਵਿਜੈ ਕਾਲੜਾ, ਸੂਬਾ ਪ੍ਰਧਾਨ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪੰਜਾਬ ਭਾਰਤੀ ਕਿਸਾਨ ਯੂਨੀਅਨ ਹਰਜਿੰਦਰ ਸਿੰਘ ਕਾਦੀਆ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਸੁਰਜੀਤ ਸਿੰਘ ਪ੍ਰਧਾਨ ਆੜਤੀ ਜ਼ੀਰਾ, ਅੰਮ੍ਰਿਤਪਾਲ ਛਾਬੜਾ, ਰੂਪ ਲਾਲ, ਭੁਪਿੰਦਰ ਕੌਰ ਵਾਸੀ ਭਾਗ ਸਿੰਘ ਵਾਲੀ, ਜੋਗਾ ਸਿੰਘ ਖਹਿਰਾ ਬਲਾਕ ਪ੍ਰ੍ਰਧਾਨ, ਪ੍ਰਿਤਪਾਲ ਸਿੰਘ ਸੋਢੀ, ਜਸਕਰਨ ਸਿੰਘ ਕੋਠੀ, ਸੁਖਮੰਦਰ ਸਿੰਘ ਸਰਪੰਚ, ਤਰਸੇਮ ਲਾਲ, ਕੁਲਬੀਰ ਸਿੰਘ ਟਿੰਮੀ, ਮਨਜੀਤ ਸਿੰਘ ਕੁਆਲਟੀ ਵਾਲੇ, ਗੁਰਦੀਪ ਸਿੰਘ ਦੀਪਾ ਗਿੱਲ, ਅਮਰੀਕ ਸਿੰਘ ਅਹੂਜਾ ਅਤੇ ਬਹੁਤ ਭਾਰੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਆਗੂ, ਆੜਤੀ ਵਰਗ ਦੇ ਸਮੂਹ ਮੈਂਬਰ, ਲੇਬਰ ਯੂਨੀਅਨ ਦੇ ਨੁਮਾਇੰਦਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਬਿੱਲ ਪਾਸ ਕਰਨ ਦੀ ਸਖ਼ਤ ਵਿਰੋਧਤਾ ਕਰਦਿਆਂ ਮੰਗ ਕੀਤੀ ਕਿ ਕਿਸਾਨ ਅਤੇ ਲੋਕ ਵਿਰੋਧੀ ਪਾਸ ਕੀਤੇ ਤਿੰਨ ਆਰਡੀਨੈਂਸਾਂ ਦੇ ਬਿੱੱਲ ਨੂੰ ਵਾਪਿਸ ਲਿਆ ਜਾਵੇ। ਪ੍ਰਦਰਸ਼ਨ ਵਿੱਚ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜਿੱਥੇ ਪੁਲਸ ਪ੍ਰਸ਼ਾਸਨ ਅੱਤ ਦੀ ਗਰਮੀ ਵਿੱਚ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆਏ, ਉੱਥੇ ਲੱਗੇ ਜਾਮ ਤੋਂ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।


Shyna

Content Editor

Related News