ਪਰਾਲੀ ਸਾੜਨ ਵਾਲੇ ਕਿਸਾਨ ਦੇ ਖੇਤ ਦੀ ਤਸਦੀਕ ਕਰਨ ਆਏ ਪੰਚਾਇਤ ਸੈਕਟਰੀ ਨੂੰ ਕਿਸਾਨਾਂ ਨੇ ਬਣਾਇਆ ਬੰਧਕ

11/17/2022 11:48:31 AM

ਜਲਾਲਾਬਾਦ (ਨਿਖੰਜ, ਜਤਿੰਦਰ, ਬੰਟੀ, ਬਜਾਜ, ਟੀਨੂੰ, ਸੁਮਿਤ) : ਬੀਤੀ ਦੇਰ ਸ਼ਾਮ ਹਲਕੇ ਦੇ ਪਿੰਡ ਚੱਕ ਖੁੜੰਜ ’ਚ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ਇਕ ਪੰਚਾਇਤ ਸੈਕਟਰੀ ਨੂੰ ਬੰਧਕ ਬਣਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਚੱਕ ਖੁਡੰਜ ’ਚ ਕਿਸੇ ਕਿਸਾਨ ਵੱਲੋਂ ਆਪਣੇ ਖੇਤਾਂ ’ਚ ਪਰਾਲੀ ਨੂੰ ਅੱਗ ਲਾ ਦਿੱਤੀ ਗਈ, ਜਿਸ ਤੋਂ ਬਾਅਦ ਜਦੋਂ ਸੜੀ ਹੋਈ ਪਰਾਲੀ ਵਾਲੇ ਖੇਤ ਦੀ ਤਸਦੀਕ ਕਰਨ ਲਈ ਲੱਗੀ ਡਿਊਟੀ ਅਨੁਸਾਰ ਇਕ ਪੰਚਾਇਤ ਸੈਕਟਰੀ ਅਤੇ ਨੋਡਲ ਅਫ਼ਸਰ ਪਟਵਾਰੀ ਪਹੁੰਚੇ ਤਾਂ ਮੌਕੇ ’ਤੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀ ਵਾਲਾ ਵੀ ਆਪਣੀ ਜਥੇਬੰਦੀ ਸਮੇਤ ਉੱਥੇ ਪਹੁੰਚ ਗਏ, ਜਿਨ੍ਹਾਂ ਵੱਲੋਂ ਉਥੇ ਪੁੱਜੇ ਹੋਏ ਪੰਚਾਇਤ ਸੈਕਟਰੀ ਨੂੰ ਬਿਠਾ ਲਿਆ ਗਿਆ, ਜਦੋਂਕਿ ਨੋਡਲ ਅਫਸਰ ਕਿਸਾਨਾਂ ਦੇ ਪੁੱਜਣ ’ਤੇ ਖਿਸਕ ਗਿਆ।

ਇਹ ਵੀ ਪੜ੍ਹੋ- ਲੁਧਿਆਣਾ 'ਚ ਰਿਸ਼ਵਤ ਲੈਣ ਦੇ ਦੋਸ਼ 'ਚ ਮਹਿਲਾ SHO ਮੁਅੱਤਲ, ਵਿਭਾਗੀ ਕਾਰਵਾਈ ਦੇ ਹੁਕਮ

ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਚਾਇਤ ਸੈਕਟਰੀ ਨੂੰ ਮੁਕਤਸਰ ਸਾਹਿਬ ਨੂੰ ਜਾਣ ਵਾਲੇ ਸਡ਼ਕ ਮਾਰਗ ’ਤੇ ਬਿਠਾ ਕੇ ਧਰਨਾ ਲਿਆ ਗਿਆ ਹੈ ਅਤੇ ਕਿਸਾਨ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦੀ ਮੰਗ ਕੀਤੀ ਗਈ। ਇਸ ਪੂਰੇ ਮਾਮਲੇ ਦੀ ਭਿਨਕ ਜਦੋਂ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੂੰ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਮੌਕੇ ’ਤੇ ਜਲਾਲਾਬਾਦ ਦੇ ਡੀ. ਐੱਸ. ਪੀ. ਅਤੁੱਲ ਸੋਨੀ ਆਪਣੀ ਟੀਮ ਨਾਲ ਪੁੱਜੇ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਪਰ ਕਿਸਾਨਾਂ ਵੱਲੋਂ ਸਿਵਲ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਤੋਂ ਮੌਕੇ ’ਤੇ ਪਹੁੰਚ ਕੇ ਕਿਸਾਨ ਖਿਲਾਫ ਕਾਰਵਾਈ ਨਾ ਕਰਨ ਲਈ ਲਿਖਤੀ ਰੂਪ ਵਿਚ ਮੰਗ ਕੀਤੀ ਗਈ, ਜਿਸ ਤੋਂ ਬਾਅਦ ਮੌਕੇ ਵਾਲੀ ਜਗ੍ਹਾ ’ਤੇ ਤਹਿਸੀਲਦਾਰ ਜਲਾਲਾਬਾਦ ਜਸਪਾਲ ਸਿੰਘ ਬਰਾਡ਼ ਪਹੁੰਚਦੇ ਹਨ, ਜਿਨ੍ਹਾਂ ਵੱਲੋਂ ਕਿਸਾਨਾਂ ਨੂੰ ਕਿਸਾਨ ਖਿਲਾਫ ਕਾਰਵਾਈ ਨਾ ਕਰਨ ਦਾ ਭਰੋਸਾ ਦਿਵਾਇਆ ਗਿਆ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਰਾਤ ਕਰੀਬ 10 ਵਜੇ ਬੰਧਕ ਬਣਾਏ ਪੰਚਾਇਤ ਸੈਕਟਰੀ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜਦੂਗੀ ਵਿਚ ਰਿਹਾਅ ਕਰ ਦਿੱਤਾ ਗਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto