ਕਿਸਾਨਾਂ ਨੂੰ ਵਣ ਖੇਤੀ ਲਈ ਉਤਸ਼ਾਹਿਤ ਕਰਨ ਲਈ ਦਿੱਤੀ ਜਾਂਦੀ ਹੈ ਸਬਸਿਡੀ

07/06/2019 12:00:55 PM

ਫਰੀਦਕੋਟ (ਹਾਲੀ)—ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਰਾਜ ਦੇ ਹਰੇਕ ਪਿੰਡ ਵਿਚ 550-550 ਪੌਦੇ ਲਗਾਉਣ ਦੀ ਮੁਹਿੰਮ ਤਹਿਤ ਜ਼ਿਲਾ ਫਰੀਦਕੋਟ ਵਿਚ 1,35,000 ਪੌਦੇ ਲਗਾਏ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਜੀਤ ਸਿੰਘ ਨੇ ਦਿੱਤੀ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਯੋਗ ਅਗਵਾਈ ਹੇਠ ਵਿਭਾਗ ਵੱਲੋਂ ਜ਼ਿਲੇ ਵਿਚ ਮਗਨਰੇਗਾ ਸਕੀਮ ਦੀ ਸਹਾਇਤਾ ਨਾਲ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਜ਼ਿਲੇ ਦੇ ਸਾਰੇ 243 ਪਿੰਡਾਂ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਪੌਦੇ ਲਗਾਏ ਜਾਣੇ ਹਨ ਅਤੇ ਪਾਣੀ ਦੀ ਉਪਲਬੱਧਤਾ ਅਨੁਸਾਰ ਇਨ੍ਹਾਂ ਵਿਚੋਂ 23 ਪਿੰਡਾਂ ਵਿਚ ਇਹ ਪੌਦੇ ਲਗਾਏ ਜਾ ਚੁੱਕੇ ਹਨ, ਜਦ ਕਿ ਬਾਕੀ ਪਿੰਡਾਂ ਵਿਚ ਬਰਸਾਤਾਂ ਦੀ ਸ਼ੁਰੂਆਤ ਨਾਲ ਹੀ ਇਹ ਪੌਦੇ ਲਗਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਦੋ ਸਾਲ ਤੱਕ ਮਗਨਰੇਗਾ ਸਕੀਮ ਦੀ ਸਹਾਇਤਾ ਨਾਲ ਇਨ੍ਹਾਂ ਪੌਦਿਆਂ ਦੀ ਸੰਭਾਲ ਕਰੇਗਾ, ਤਾਂ ਜੋ ਇਹ ਪੌਦੇ ਰੁੱਖਾਂ ਵਿਚ ਬਦਲ ਸਕਣ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਮਣ, ਨਿੰਮ, ਕਿੱਕਰ, ਵਣ, ਜੰਡ, ਬੋਹੜ, ਪਿੱਪਲ, ਸੁਖਚੈਨ, ਅਰਜੂਨ ਆਦਿ ਰੁੱਖ ਮਿੱਟੀ ਦੀ ਕਿਸਮ ਅਨੁਸਾਰ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਅਜਿਹੀਆਂ ਥਾਂਵਾਂ 'ਤੇ ਇਹ ਪੌਦੇ ਲਗਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿੱਥੇ ਚਾਰਦੀਵਾਰੀ ਦੀ ਸਹੂਲਤ ਹੈ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 30 ਸਤੰਬਰ 2019 ਤਕ ਇਸ ਸਕੀਮ ਤਹਿਤ ਜ਼ਿਲੇ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਪੰਜਾਬ ਮੇਨਟੀਨੈਂਸ ਮਾਡਲ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਾਰੇ ਪਿੰਡਾਂ ਵਿਚ ਵਣ ਮਿੱਤਰ ਲਗਾਏ ਜਾਣਗੇ, ਜੋ ਬੂਟਿਆਂ ਦੀ ਸਾਂਭ-ਸੰਭਾਲ ਕਰਨਗੇ । 200 ਬੂਟਿਆਂ ਲਈ 2 ਘਰਾਂ ਨੂੰ ਵਣ ਮਿੱਤਰ ਲਗਾਇਆ ਜਾਵੇਗਾ ਤੇ ਦੋਵਾਂ ਘਰਾਂ ਨੂੰ ਪ੍ਰਤੀ ਮਹੀਨਾ 1920-1920 ਰੁਪਏ ਬੂਟਿਆਂ ਦੀ ਸਾਂਭ-ਸੰਭਾਲ ਲਈ ਦਿੱਤੇ ਜਾਣਗੇ ਅਤੇ ਬੂਟਿਆਂ ਦੀ ਸਾਂਭ-ਸੰਭਾਲ 5 ਸਾਲ ਤੱਕ ਕੀਤੀ ਜਾਵੇਗੀ।

ਹਰਿਆਲੀ ਐਪ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ ਪੌਦੇ
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦਾ ਕੋਈ ਵੀ ਨਾਗਰਿਕ ਪਲੇ ਸਟੋਰ ਤੋਂ ਆਈ ਹਰਿਆਲੀ ਮੋਬਾਇਲ ਐਪ ਡਾਊਨਲੋਡ ਕਰਕੇ ਉਸ ਐਪ ਰਾਹੀਂ ਆਪਣੇ ਘਰ, ਖੇਤ ਜਾਂ ਆਲੇ-ਦੁਆਲੇ ਲਗਾਉਣ ਲਈ 15 ਪੌਦੇ ਮੁਫ਼ਤ ਪ੍ਰਾਪਤ ਕਰਨ ਲਈ ਪੌਦਿਆਂ ਦੀ ਬੁਕਿੰਗ ਕਰਵਾ ਸਕਦਾ ਹੈ ਅਤੇ ਫਿਰ ਦਿੱਤੇ ਗਏ ਸਮੇਂ 'ਤੇ ਆਪਣੇ ਨੇੜੇ ਦੀ ਨਰਸਰੀ ਤੋਂ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੌਦੇ ਮੁਫ਼ਤ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਢਿੱਲਵਾਂ, ਫਰੀਦਕੋਟ ਬਾਬਾ ਫਰੀਦ ਦੀਆਂ ਨਰਸਰੀਆਂ ਵਿਚ ਪੌਦੇ ਤਿਆਰ ਕੀਤੇ ਜਾ ਰਹੇ ਹਨ। ਪਿਛਲੇ ਸਾਲ ਇਸ ਐਪ ਰਾਹੀਂ ਜ਼ਿਲੇ ਵਿਚ ਲੋਕਾਂ ਨੇ 2,58,000 ਪੌਦੇ ਪ੍ਰਾਪਤ ਕੀਤੇ ਸਨ। ਇਸ ਸਾਲ 121 ਲੋਕ ਰਜਿਸਟਰਡ ਹੋਏ ਹਨ, ਜਿਨ੍ਹਾਂ ਨੂੰ 2000 ਬੂਟੇ ਦਿੱਤੇ ਗਏ ਹਨ।

ਵਣ ਖੇਤੀ ਹੈ ਫਾਇਦੇ ਦਾ ਸੌਦਾ
ਇਸ ਮੌਕੇ ਵਣ ਰੇਂਜ ਅਫ਼ਸਰ ਤੇਜਿੰਦਰ ਸਿੰਘ ਨੇ ਸਰਕਾਰ ਦੀ ਇਕ ਹੋਰ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਕਿਸਾਨ ਆਪਣੇ ਖੇਤਾਂ ਵਿਚ ਜੇਕਰ ਰੁੱਖ ਲਗਾਉਂਦਾ ਹੈ ਤਾਂ ਉਸਨੂੰ ਪਹਿਲੇ ਸਾਲ ਪ੍ਰਤੀ ਪੌਦਾ 14 ਰੁਪਏ ਅਤੇ ਫਿਰ ਅਗਲੇ ਤਿੰਨ ਸਾਲਾਂ ਤਕ ਹਰ ਸਾਲ 7 ਰੁਪਏ ਪ੍ਰਤੀ ਪੌਦਾ ਦੀ ਦਰ ਨਾਲ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਇਹ ਪੌਦੇ ਪੂਰੇ ਖੇਤ ਵਿਚ ਜਾਂ ਖੇਤ ਦੀਆਂ ਵੱਟਾਂ 'ਤੇ ਜਿਵੇਂ ਮਰਜ਼ੀ ਲਗਾਏ ਜਾ ਸਕਦੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਵਿਭਾਗ ਦੇ ਫਰੀਦਕੋਟ ਬਣੇ ਰੇਂਜ ਦਫ਼ਤਰਾਂ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਪੰਜਾਬ ਵਿਚ ਵਣਾਂ ਹੇਠ ਘੱਟ ਰਕਬੇ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹਰ ਇਕ ਨਾਗਰਿਕ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।


Shyna

Content Editor

Related News