ਸੋਸ਼ਲ ਮੀਡੀਆ 'ਤੇ ਫ਼ਿਰ ਚਰਚਾ ਦਾ ਵਿਸ਼ਾ ਬਣਿਆ ਮਲੋਟ ਰੋਡ ਮੇਨ ਹਾਈਵੇਅ

10/17/2020 4:31:18 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਭਾਵੇਂ ਕਿ ਸ੍ਰੀ ਮੁਕਤਸਰ ਸਾਹਿਬ ਪੰਜਾਬ ਦੀ ਸਿਆਸਤ ਦਾ ਮੁੱਖ ਧੁਰਾ ਮੰਨਿਆ ਜਾਂਦਾ ਹੈ, ਪਰ ਜੇਕਰ ਜ਼ਮੀਨੀ ਪੱਧਰ 'ਤੇ ਇਸ ਇਤਿਹਾਸਿਕ ਨਗਰੀ ਦਾ ਹਾਲ ਵੇਖਿਆ ਜਾਵੇ ਤਾਂ ਇਹ ਜ਼ਿਲ੍ਹਾ ਬਾਕੀ ਜ਼ਿਲ੍ਹਿਆਂ ਦੀ ਕਤਾਰ 'ਚੋਂ ਪਿੱਛੇ ਪਾਇਆ ਜਾਂਦਾ ਹੈ। ਗੱਲ ਭਾਵੇਂ ਸੀਵਰੇਜ ਪ੍ਰਣਾਲੀ ਦੀ ਹੋਵੇ, ਭਾਵੇਂ ਟਰੈਫਿਕ ਸਿਸਟਮ ਜਾਂ ਫ਼ਿਰ ਗਲੀਆਂ ਤੇ ਮੇਨ ਹਾਈਵੇਅ ਆਦਿ ਦੀ ਹੋਵੇ, ਹਰ ਪੱਖੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਜੇ ਤੱਕ ਵੀ ਪੱਛੜਿਆ ਹੋਇਆ ਹੈ। ਗੱਲ ਕਰਦੇ ਹਾਂ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ ਦੀ, ਜਿੱਥੇ ਹਰ 2-3 ਕਿਲੋਮੀਟਰ ਦੇ ਦਾਇਰੇ ਵਿੱਚ ਦਿਖਣ ਵਾਲੇ ਵੱਡੇ-ਵੱਡੇ ਖੱਡੇ ਜਿੱਥੇ ਵਾਹਨਾਂ ਲਈ ਖ਼ਤਰਾ ਬਣ ਰਹੇ ਹਨ, ਉਥੇ ਹੀ ਇਤਿਹਾਸਿਕ ਜ਼ਿਲ੍ਹੇ ਦੇ ਵਿਕਾਸ ਦੀ ਖਿੱਲੀ ਉਡਾ ਰਹੇ ਹਨ। ਅਜਿਹੀ ਚਰਚਾ ਅੱਜਕੱਲ੍ਹ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਹੋ ਰਹੀ ਹੈ।

ਭਾਵੇਂ ਕਿ ਇਹ ਚਰਚਾ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ, ਪਰ ਹਾਲੀਆ 'ਚ ਹੀ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਾਰਟੂਨ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਮੇਨ ਰੋਡ ਦੀ ਹਾਲਤ ਨੂੰ ਲੈ ਕੇ ਇੱਥੋਂ ਦੇ ਪ੍ਰਸ਼ਾਸਨ ਤੇ ਸਿਆਸੀ ਰਸੂਖ ਰੱਖਦੇ ਲੀਡਰਾਂ ਦੇ ਦਾਅਵਿਆਂ ਨੂੰ ਹਵਾ 'ਚ ਉਡਾ ਰਹੀਆਂ ਹਨ। ਇੰਨੀ ਦਿਨੀਂ ਸ਼ੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਕਾਰਟੂਨਿਸਟ ਤਸਵੀਰ ਵਿੱਚ ਸੜਕ ਦੇ ਖੱਡਿਆਂ ਕਰਕੇ ਲੋਕ ਵਾਹਨਾਂ ਨੂੰ ਸਿਰ 'ਤੇ ਚੁੱਕ ਕੇ ਸੜਕ ਪਾਰ ਕਰਦੇ ਵਿਖਾਏ ਗਏ ਹਨ ਤੇ ਨਾ ਹੀ ਸਲੋਗਨ ਲਿਖਿਆ ਗਿਆਹੈ ਕਿ ਕਦੋਂ ਬਣੇਗੀ ਮੁਕਤਸਰ-ਮਲੋਟ ਰੋਡ? ਸ਼ੋਸ਼ਲ ਮੀਡੀਆ 'ਚ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਟਿੱਪਣੀਆਂ 'ਚ ਲੋਕ ਜਿੱਥੇ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੱਸ ਰਹੇ ਹਨ, ਉਥੇ ਹੀ ਸਿਆਸੀ ਲੀਡਰਾਂ 'ਤੇ ਵੀ ਤੰਜ ਕਸੇ ਜਾ ਰਹੇ ਹਨ। ਵਰਣਨਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਡੱਬਵਾਲੀ ਮੰਡੀ ਤੱਕ ਮਿਲਾਉਣ ਵਾਲੀ ਇਹ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ, ਜਿਸ ਨਾਲ ਹੁਣ ਤੱਕ ਇਸ ਰੋਡ 'ਤੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ। 

ਇਹ ਵੀ ਵਰਣਨਯੋਗ ਹੈ ਕਿ ਵਿਧਾਇਕਾਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਅਹੁਦਾ ਹਾਸਲ ਕਰਨ ਵਾਲੀਆਂ ਹਸਤੀਆਂ ਵੀ ਇਸੇ ਜ਼ਿਲ੍ਹੇ ਨਾਲ ਸਬੰਧਿਤ ਰਹੀਆਂ ਹਨ। ਦੂਜੇ ਪਾਸੇ ਉਕਤ ਰੋਡ ਦਾ ਅਜਿਹਾ ਹਾਲ ਹੋਣ ਕਰਕੇ ਲੋਕ ਲੰਬੇ ਸਮੇਂ ਤੋਂ ਇਸ ਰੋਡ ਦੀ ਮੁਰੰਮਤ ਦੀ ਮੰਗ ਵੀ ਕਰ ਰਹੇ ਹਨ। ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਦੇ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਕਿਹਾ ਕਿ ਮਲੋਟ ਰੋਡ ਬੇਹੱਦ ਆਵਾਜਾਈ ਵਾਲਾ ਰੋਡ ਹੈ, ਜਿਸ ਬਾਬਤ ਸਰਕਾਰ ਤੇ ਪ੍ਰਸ਼ਾਸਨ ਨੂੰ ਪਹਿਲ ਦੇ ਅਧਾਰ 'ਤੇ ਸੋਚਣਾ ਚਾਹੀਦਾ ਹੈ। ਉਨ੍ਹਾਂ ਸਰਕਾਰ, ਪ੍ਰਸ਼ਾਸ਼ਨ ਤੇ ਸਬੰਧਿਤ ਵਿਭਾਗ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ ਸੜਕ ਦੀ ਮੁਰੰਮਤ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਜੋ ਕੋਈ ਅਣਸੁਖ਼ਾਵੀਂ ਘਟਨਾ ਹੋ ਸਕੇ।


Shyna

Content Editor

Related News