ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਸੁਰੱਖਿਆ ਰਾਮ ਭਰੋਸੇ

06/22/2019 1:04:45 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)—ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਜੋ ਕਿ ਜ਼ਿਲਾ ਹੈੱਡ ਕੁਆਰਟਰ ਵੀ ਹੈ, ਵਿਖੇ ਅਮਨ -ਕਾਨੂੰਨ ਨੂੰ ਕਾਇਮ ਰੱਖਣ ਹਿੱਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਪੁਲਸ ਵਿਭਾਗ ਦੀ ਤਜਵੀਜ਼ ਤੇ ਨਗਰ ਕੌਂਸਲ ਵਲੋਂ ਸ਼ਹਿਰ ਦੇ ਮੁੱਖ ਚੌਂਕਾਂ ਅਤੇ ਵੱਖ-ਵੱਖ ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ (ਭਾਵ ਤੀਸਰੀ ਅੱਖ) ਲਗਾਏ ਗਏ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪ੍ਰਸ਼ਾਸਨ, ਨਗਰ ਕੌਂਸਲ ਅਤੇ ਪੁਲਸ ਵਿਭਾਗ ਦੀ ਹੈ। ਬੀਤੇ ਕੱਲ 21 ਜੂਨ 2019 ਨੂੰ ਨੈਸ਼ਨਲ ਕੰਜ਼ਿਊਮਰ ਅਵੇਅਰਨੈਸ ਗਰੁੱਪ (ਰਜਿ.) ਵਲੋਂ ਸ਼ਹਿਰ ਦੇ ਧੂਰੇ ਵਜੋਂ ਜਾਣੇ ਜਾਂਦੇ ਮਸੀਤ ਵਾਲਾ ਚੌਂਕ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਨੂੰ ਚੈੱਕ ਕੀਤਾ ਗਿਆ ਜੋ ਕਿ ਬੰਦ ਪਾਇਆ ਗਿਆ। ਇਥੋਂ ਤੱਕ ਕਿ ਇਸ ਕੈਮਰੇ ਦਾ ਡੀ.ਵੀ.ਆਰ. ਵੀ ਮੌਕੇ ਤੇ ਨਹੀਂ ਹੈ। 

ਵਰਨਣਯੋਗ ਹੈ ਕਿ ਇਹ ਚੌਂਕ ਸ਼ਹਿਰ ਦੇ ਵਿਚਕਾਰ ਅਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੋਣ ਕਾਰਨ ਸ਼ਹਿਰ ਦਾ ਧੂਰਾ ਮੰਨਿਆ ਜਾਂਦਾ ਹੈ ਅਤੇ ਇਸ ਚੌਂਕ ਵਿਚ ਲੋਕਾਂ ਦਾ ਆਉਣਾ-ਜਾਣਾ ਆਮ ਹੀ ਲੱਗਿਆ ਰਹਿੰਦਾ ਹੈ, ਜਿਸ ਕਾਰਨ ਇਥੇ ਕਾਫ਼ੀ ਭੀੜ ਰਹਿੰਦੀ ਹੈ। ਗਰੁੱਪ ਮੈਂਬਰਾਂ ਦਾ ਕਹਿਣਾ ਹੈ ਕਿ ਅਜਿਹੇ ਦੇ ਚਲਦਿਆਂ ਸ਼ਹਿਰ ਦੀ ਨਿਗਰਾਨੀ ਕਰਨ 'ਚ ਢਿੱਲ ਆਵੇਗੀ। ਇਸ ਲਈ ਸ਼ਹਿਰ ਵਿਚ ਲੱਗੇ ਹੋਰ ਸੀ.ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਤੇ ਕੋਈ ਹੋਰ ਕੈਮਰਾ ਵੀ ਤਾਂ ਨਹੀਂ ਬੰਦ। ਇਸ ਮੌਕੇ ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਸੀਨੀਅਰ ਉਪ ਪ੍ਰਧਾਨ ਬਲਦੇਵ ਸਿੰਘ ਬੇਦੀ, ਉਪ ਪ੍ਰਧਾਨ ਭੰਵਰ ਲਾਲ ਸ਼ਰਮਾ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ, ਸੰਗਠਨ ਸਕੱਤਰ ਜਸਵੰਤ ਸਿੰਘ ਬਰਾੜ, ਸਕੱਤਰ ਸੁਦਰਸ਼ਨ ਕੁਮਾਰ ਸਿਡਾਨਾ, ਪ੍ਰੈਸ ਸਕੱਤਰ ਕਾਲਾ ਸਿੰਘ ਬੇਦੀ ਅਤੇ ਕੈਸ਼ੀਅਰ ਸੁਭਾਸ਼ ਚਗਤੀ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸ਼ਨ, ਨਗਰ ਕੌਂਸਲ ਅਤੇ ਪੁਲਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਾਰੇ ਸ਼ਹਿਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਵਾ ਕੇ ਬੰਦ ਪਏ ਕੈਮਰਿਆਂ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ ਤਾਂ ਜੋ ਸ਼ਹਿਰ ਦੇ ਦੀ ਸੁਰੱਖਿਆ ਤੇ ਕੋਈ ਆਂਚ ਨਾ ਆ ਸਕੇ। ਇਸ ਦੇ ਨਾਲ ਹੀ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਨੂੰ ਵੀ ਯਕੀਨੀ ਬਣਾਇਆ ਜਾਵੇ।

Shyna

This news is Content Editor Shyna