ਰਿਵਾਲਵਰ ਨੂੰ ਸਾਫ਼ ਕਰਦਿਆਂ ਚੱਲੀ ਗੋਲੀ ਨੌਜਵਾਨ ਦੇ ਸਰੀਰ ''ਚੋਂ ਹੋਈ ਆਰ-ਪਾਰ

10/13/2020 4:14:14 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਸੋਮਵਾਰ ਸ਼ਾਮ ਸਥਾਨਕ ਬਰਕੰਦੀ ਰੋਡ ਦੇ ਇਕ ਨੌਜਵਾਨ ਨੂੰ ਸ਼ੱਕੀ ਹਲਾਤਾਂ 'ਚ ਰਿਵਾਲਵਰ ਦੀ ਗੋਲੀ ਲੱਗੀ, ਜਿਸ ਨੂੰ ਜ਼ਖ਼ਮੀ ਹਾਲਤ 'ਚ ਪਰਿਵਾਰਕ ਮੈਂਬਰਾਂ ਵਲੋਂ ਸਥਾਨਕ ਕੋਟਕਪੂਰਾ ਰੋਡ ਸਥਿਤ ਬਾਂਸਲ ਨਰਸਿੰਗ ਹੋਮ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸਰਜਨ ਡਾ. ਬਾਂਸਲ ਨੇ ਉਸ ਦਾ ਅਪ੍ਰੇਸ਼ਨ ਕਰਕੇ ਗੋਲੀ ਨੂੰ ਕੱਢ ਦਿੱਤਾ ਹੈ, ਪਰ ਡਾਕਟਰਾਂ ਦੇ ਮੁਤਾਬਕ ਹੁਣ ਤੱਕ ਨੌਜਵਾਨ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉੁਕਤ ਨੌਜਵਾਨ ਇਕ ਰਿਵਾਲਵਰ, ਜੋ ਕਿ ਉਸ ਦੇ ਪਿਤਾ ਕੌਰ ਸਿੰਘ ਦੇ ਨਾਮ 'ਤੇ ਹੈ, ਨੂੰ ਸਾਫ਼ ਕਰ ਰਿਹਾ ਸੀ, ਕਿ ਅਚਾਨਕ ਗੋਲੀ ਚੱਲ ਗਈ, ਜੋ ਕਿ ਉਸ ਨੌਜਵਾਨ ਦੇ ਪੇਟ 'ਚੋਂ ਲੰਘ ਕੇ ਆਰ ਪਾਰ ਹੋ ਗਈ।ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਿਟੀ ਦੇ ਐੱਸ.ਐੱਚ.ਓ. ਮੋਹਨ ਲਾਲ ਮੌਕੇ 'ਤੇ ਪਹੁੰਚੇ ਤੇ ਛਾਣਬੀਣ ਸ਼ੁਰੂ ਕਰ ਦਿੱਤੀ। 

ਇਸ ਸਬੰਧੀ ਥਾਣਾ ਸਿਟੀ ਦੇ ਐੱਸ.ਐੱਚ.ਓ. ਮੋਹਨ ਲਾਲ ਨੇ ਦੱਸਿਆ ਕਿ ਬਰਕੰਦੀ ਰੋਡ ਨਿਵਾਸੀ ਨੌਜਵਾਨ ਸਹਿਜਪ੍ਰੀਤ ਦੇ ਪੇਟ 'ਚ ਗੋਲੀ ਲੱਗੀ ਸੀ, ਜਿਸ ਨੂੰ ਡਾਕਟਰਾਂ ਨੇ ਅਪ੍ਰੇਸ਼ਨ ਕਰਕੇ ਕੱਢ ਦਿੱਤਾ ਹੈ। ਹੁਣ ਨੌਜਵਾਨ ਦੀ ਹਾਲਤ ਠੀਕ ਹੈ, ਪਰ ਉਹ ਹੋਸ਼ 'ਚ ਨਹੀਂ ਹੈ। ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਨੌਜਵਾਨ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਸਪਤਾਲ ਦੇ ਸਰਜਨ ਡਾ. ਮੁਕੇਸ਼ ਬਾਂਸਲ ਨੇ ਦੱਸਿਆ ਕਿ ਇੱਕ ਨੌਜਵਾਨ ਸਹਿਜਪ੍ਰੀਤ ਸਿੰਘ ਪੁੱਤਰ ਕੌਰ ਸਿੰਘ ਵਾਸੀ ਬਰਕੰਦੀ ਰੋਡ, ਜਖ਼ਮੀ ਹਾਲਤ ਵਿੱਚ ਉਨ੍ਹਾਂ ਦੇ ਕੋਲ ਆਇਆ, ਜਿਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਰਿਵਾਲਵਰ ਸਾਫ਼ ਕਰਦੇ ਹੋਏ ਉਸ ਦੇ ਪੇਟ ਵਿੱਚ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦਾ ਅਪਰੇਸ਼ਨ ਕਰਕੇ ਗੋਲੀ ਕੱਢ ਦਿੱਤੀ ਗਈ ਹੈ ਤੇ ਹੁਣ ਉਸ ਦੀ ਸਿਹਤ ਕੁੱਝ ਠੀਕ ਹੈ। ਉਨ੍ਹਾਂ ਦੱਸਿਆ ਕਿ ਗੋਲੀ ਨੌਜਵਾਨ ਦੇ ਪੇਟ ਵਿੱਚੋਂ ਦਿਲ ਦੇ ਹੇਠਲੇਂ ਹਿੱਸੇ ਪੇਟ ਵਿੱਚੋਂ ਲੰਘਦੀ ਹੋਈ ਪਿੱਛੇ ਆਰ-ਪਾਰ ਹੋ ਗਈ ਸੀ, ਜਿਸ ਨਾਲ ਉਸ ਦੀਆਂ ਅੰਤੜੀਆਂ ਨੂੰ ਵੀ ਨੁਕਸਾਨ ਹੋਇਆ ਅਤੇ ਸਰੀਰ ਵਿੱਚ 6-7 ਦੇ ਕਰੀਬ ਸੁਰਾਗ ਹੋ ਗਏ ਸਨ, ਜਿਸ ਨੂੰ ਅਪਰੇਸ਼ਨ ਕਰਕੇ ਠੀਕ ਕਰ ਦਿੱਤਾ ਗਿਆ ਹੈ, ਪਰ ਨੌਜਵਾਨ ਹੁਣ ਆਈਸੀਯੂ ਵਿੱਚ ਭਰਤੀ ਕੀਤਾ ਹੋਇਆ ਹੈ।


Shyna

Content Editor

Related News