ਸਾਵਧਾਨ! ਕਿਤੇ ਸਵੈਪ ਦੇ ਨਾਂ ''ਤੇ ਤੁਸੀ ਨਾ ਹੋ ਜਾਈਓ ਠੱਗੀ ਦਾ ਸ਼ਿਕਾਰ, ਮੋਬਾਇਲ ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

02/09/2023 11:34:01 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਅਤੇ ਆਸ-ਪਾਸ ਦੇ ਖੇਤਰ ਵਿਚ ਰੀਬਰਸ਼ਮੈਂਟ ਅਤੇ ਸਵੈਪ ਦੇ ਨਾਮ 'ਤੇ ਮੋਬਾਇਲ ਫੋਨਾਂ ਦਾ ਗੋਰਖ ਧੰਦਾ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਬਿਨ੍ਹਾਂ ਕਿਸੇ ਬਿੱਲ ਦੇ ਇਹ ਫੋਨ ਵੱਡੇ ਪੱਧਰ 'ਤੇ ਦੁਕਾਨਦਾਰਾਂ ਤੱਕ ਪਹੁੰਚ ਰਹੇ ਹਨ ਅਤੇ ਅੱਗੇ ਦੁਕਾਨਦਾਰ ਵੀ ਇਨ੍ਹਾਂ ਫੋਨਾਂ ਨੂੰ ਬਿਨਾਂ ਬਿੱਲ ਤੋਂ ਹੀ ਵੇਚ ਰਹੇ ਹਨ। ਮਾਰਕਿਟ ਦੀ ਘੋਖ ਕਰਨ 'ਤੇ ਇਹ ਸਾਹਮਣੇ ਆਇਆ ਕਿ ਕੰਪਨੀ ਵੱਲੋਂ ਸਵੈਪ 5 ਫ਼ੀਸਦੀ ਮੋਬਾਇਲ ਹੀ ਦੁਕਾਨਦਾਰਾਂ ਕੋਲ ਹਨ ਜਦਕਿ ਦਿੱਲੀ ਦੇ ਮੋਬਾਇਲ ਕਬਾੜੀਆ ਵੱਲੋਂ ਦੇਸੀ ਜੁਗਾੜ ਲਾ ਕੇ ਤਿਆਰ ਕੀਤੇ ਗਏ ਆਈ ਫੋਨ, ਸੈਮਸੰਗ ਅਤੇ ਹੋਰ ਵੱਡੀਆਂ ਕੰਪਨੀਆਂ ਦੇ ਮੋਬਾਇਲ ਹੀ ਰੀਬਰਸ਼ਮੈਂਟ ਅਤੇ ਸਵੈਪ ਦੇ ਨਾਮ 'ਤੇ ਗ੍ਰਾਹਕਾਂ ਨੂੰ ਮੜੇ ਜਾ ਰਹੇ ਹਨ। ਇਨ੍ਹਾਂ ਜੁਗਾੜੀ ਮੋਬਾਇਲ ਫੋਨਾਂ ਵਿਚ ਸਭ ਤੋਂ ਵੱਡੀ ਗਿਣਤੀ ਵਿਚ ਆਈ ਫੋਨ ਅਤੇ ਸੈਮਸੰਗ ਦੇ ਵੱਡੇ ਮਾਡਲ ਵੇਚੇ ਜਾ ਰਹੇ ਹਨ। ਇਨ੍ਹਾਂ ਫੋਨਾਂ ਦੀ ਕੰਪਨੀ ਦੇ ਸਰਵਿਸ ਸੈਂਟਰ 'ਤੇ ਕੋਈ ਵਾਰੰਟੀ ਤੱਕ ਨਹੀਂ ਮਿਲਦੀ।

ਇਹ ਵੀ ਪੜ੍ਹੋ- ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਭਰੇ ਮਨ ਨਾਲ ਪਿਓ ਨੇ ਸੁਣਾਇਆ ਦੁੱਖ਼

ਕੀ ਹੈ ਅਸਲ ਕਹਾਣੀ?

ਰੀਬਰਸ਼ਮੈਂਟ ਅਤੇ ਸਵੈਪ ਨਾਮ ਤੇ ਆਈ ਫੋਨ ਵੇਚਣ ਲਈ ਮੋਬਾਇਲ ਦੁਕਾਨਦਾਰ ਗ੍ਰਾਹਕ ਨੂੰ ਕਹਿੰਦੇ ਹਨ ਕਿ ਕਿਸੇ ਦਾ ਜਦ ਮੋਬਾਇਲ ਵਾਰੰਟੀ ਵਿਚ ਖ਼ਰਾਬ ਹੋ ਜਾਂਦਾ ਤਾਂ ਨਿਯਮਾਂ ਮੁਤਾਬਕ ਕੰਪਨੀ ਉਹ ਮੋਬਾਇਲ ਵਾਪਸ ਲੈ ਕੇ ਨਵਾਂ ਮੋਬਾਇਲ ਗ੍ਰਾਹਕ ਨੂੰ ਦੇ ਦਿੰਦੀ ਹੈ ਪਰ ਖ਼ਰਾਬੀ ਕਰਕੇ ਜੋ ਮੋਬਾਇਲ ਗ੍ਰਾਹਕ ਨੇ ਕੰਪਨੀ ਨੂੰ ਵਾਪਸ ਕੀਤਾ ਕੰਪਨੀ ਉਸਨੂੰ ਠੀਕ ਕਰਕੇ ਸਵੈਪ ਜਾਂ ਰੀਬਰਸ਼ਮੈਂਟ ਦੇ ਰੂਪ ਵਿਚ ਵਾਪਸ ਫਿਰ ਮਾਰਕਿਟ ਵਿਚ ਦੇ ਦਿੰਦੀ ਹੈ। ਅਸਲੀਅਤ ਇਸ ਤੋਂ ਕੋਹਾਂ ਦੂਰ ਹੈ ਕਿਉਂਕਿ ਆਈ ਫੋਨ ਇੰਨੀ ਵੱਡੀ ਤਾਦਾਦ ਵਿਚ ਵੀ ਖ਼ਰਾਬ ਨਹੀਂ ਹੁੰਦੇ ਕਿ ਛੋਟੇ ਜਿਹੇ ਸ਼ਹਿਰ ਦੀਆਂ ਵੱਡੀ ਗਿਣਤੀ ਵਿਚ ਦੁਕਾਨਾਂ 'ਤੇ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚ ਜਾਣ। ਅਸਲੀਅਤ ਇਹ ਹੈ ਕਿ ਖ਼ਰਾਬ ਮੋਬਾਇਲਾਂ ਨੂੰ ਠੀਕ ਕਰਕੇ, ਵਿਦੇਸ਼ੀ ਪੁਰਾਣੇ ਜਾਂ ਚੋਰੀ ਦੇ ਮੋਬਾਇਲਾਂ ਦੇ ਲਾਕ ਖੋਲ੍ਹ ਕੇ, ਚਾਇਨਜ਼ ਕਿੱਟਾਂ ਦਾ ਇਸਤੇਮਾਲ ਕਰਕੇ ਜੋ ਮੋਬਾਇਲ ਮਾਰਕਿਟ ਵਿਚ ਉਤਾਰੇ ਜਾ ਰਹੇ ਹਨ ਉਨ੍ਹਾਂ ਨੂੰ ਸਵੈਪ ਅਤੇ ਰੀਬਰਸ਼ਮੈਂਟ ਆਈ ਫੋਨਾਂ ਦਾ ਨਾਮ ਦਿੱਤਾ ਜਾ ਰਿਹਾ ਹੈ। ਜੇਕਰ ਇਹ ਮੋਬਾਇਲ ਅਸਲ 'ਚ ਕੰਪਨੀ ਵੱਲੋਂ ਆਏ ਹੋਣ ਤਾਂ ਕੰਪਨੀ ਦਾ ਬਿੱਲ ਅਤੇ ਵਾਰੰਟੀ ਨਾਲ ਹੋਵੇ ਪਰ ਅਜਿਹਾ ਕਰੀਬ 5 ਫ਼ੀਸਦੀ ਆਈਫੋਨ ਹੀ ਦੁਕਾਨਾਂ 'ਤੇ ਹਨ ਜੋ ਕੰਪਨੀ ਵੱਲੋਂ ਸਵੈਪ ਹਨ ਜਦਕਿ 95 ਪ੍ਰਤੀਸ਼ਤ ਰੀਬਰਸ਼ਮੈਂਟ ਅਤੇ ਆਈਫੋਨ ਦੇ ਨਾਮ 'ਤੇ ਠੱਗੀ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਅਜਿਹੇ ਫੋਨ ਜੇਕਰ ਕੰਪਨੀ ਦੇ ਕੇਅਰ ਸੈਂਟਰ ਤੋਂ ਚੈੱਕ ਕਰਵਾਏ ਜਾਣ ਤਾਂ ਇਨ੍ਹਾਂ ਦੀ ਵਾਰੰਟੀ ਵੀ ਕੰਪਨੀ ਵੱਲੋਂ ਨਹੀ ਮਿਲਦੀ।

ਇਹ ਵੀ ਪੜ੍ਹੋ- ਹਾਦਸੇ ’ਚ ਜਾਨ ਗੁਆਉਣ ਵਾਲੇ ਰਣਜੀਤ ਬਾਵਾ ਦੇ ਪੀ. ਏ. ਡਿਪਟੀ ਵੋਹਰਾ ਦੇ ਪਰਿਵਾਰ ਦਾ ਵੱਡਾ ਖ਼ੁਲਾਸਾ

ਕਿਵੇਂ ਤੇ ਕਿੱਥੋਂ ਚੱਲ ਰਿਹਾ ਹੈ ਇਹ ਧੰਦਾ

ਕੁਝ ਸਮਾਂ ਪਹਿਲਾ ਦਿੱਲੀ ਦੀ ਜੋ ਮਾਰਕਿਟ ਚੋਰੀ ਦੇ ਮੋਬਾਇਲ ਅਤੇ ਲੈਪਟਾਪ ਲਈ ਮਸ਼ਹੂਰ ਸੀ, ਹੁਣ ਉਹ ਮਾਰਕਿਟ ਵਿਚੋਂ ਹੀ ਇਹ ਠੇਠ ਭਾਸ਼ਾ ਵਿਚ ਕੰਪਨੀ ਤੋਂ ਬਾਹਰ ਤਿਆਰ ਕੀਤੇ ਗਏ ਆਈਫੋਨ ਆ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਰੋਡ, ਗੋਨਿਆਣਾ ਰੋਡ ਅਤੇ ਅਬੋਹਰ ਰੋਡ ਦੇ ਕੁਝ ਮੋਬਾਇਲ ਵਿਕਰੇਤਾ ਇਨ੍ਹਾਂ ਦੋ ਨੰਬਰੀ ਮੋਬਾਇਲਾਂ ਦੇ ਥੋਕ ਦੁਕਾਨਦਾਰ ਬਣੇ ਹੋਏ , ਜੋ ਦਿੱਲੀ ਤੋਂ ਸਿੱਧੇ ਤੌਰ 'ਤੇ ਇਹ ਮੋਬਾਇਲ ਲਿਆ ਰਹੇ ਹਨ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਸ਼ਹਿਰ ਜਲਾਲਾਬਾਦ ਦਾ ਇੱਕ ਥੋਕ ਮੋਬਾਇਲ ਵਿਕਰੇਤਾ ਵੀ ਇਨੀਂ ਦਿਨੀਂ ਇਸ ਖੇਤਰ ਵਿਚ ਮੋਬਾਇਲਾਂ ਦੀ ਵੱਡੀ ਗਿਣਤੀ ਵਿਚ ਸਪਲਾਈ ਕਰ ਰਿਹਾ ਹੈ। ਆਲਮ ਇਹ ਹੈ ਕਿ ਸਭ ਨਿਯਮ ਕਾਨੂੰਨ ਨੂੰ ਛਿੱਕੇ ਟੰਗ ਕੇ ਬਿਨ੍ਹਾਂ ਕਿਸੇ ਬਿੱਲ ਤੋਂ ਆ ਰਹੇ ਅਜਿਹੇ ਮੋਬਾਇਲਾਂ ਦਾ ਕੁਝ ਦੁਕਾਨਦਾਰ ਆਪਣੇ ਵੱਲੋਂ ਹੀ ਬਿੱਲ ਕੱਟ ਕੇ ਦੇਣ ਦਾ ਦਾਅਵਾ ਕਰਦੇ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto