ਪਿੰਡ ਬਾਮ ਵਿਖੇ ਗੁਰਦੁਆਰਾ ਸਾਹਿਬ ''ਚੋਂ ਸਰੂਪ ਚੁੱਕਣ ਆਇਆ ਵਿਅਕਤੀ ਕਾਬੂ

06/15/2019 9:50:04 AM

ਮਲੋਟ (ਜੁਨੇਜਾ)—ਅੱਜ ਸਵੇਰੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਪਿੰਡ ਬਾਮ ਵਿਖੇ ਇਕ ਵਿਅਕਤੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਗ੍ਰੰਥੀ ਨੇ ਉਸਨੂੰ ਦੇਖ ਲਿਆ ਤੇ ਉਸਨੂੰ ਮੌਕੇ 'ਤੇ ਹੀ ਕਾਬੂ ਕਰ ਕੇ ਸਰੂਪ ਦਾ ਬਚਾਅ ਵੀ ਕਰ ਲਿਆ, ਜਿਸ ਕਾਰਨ ਬੇਅਦਬੀ ਦੀ ਵੱਡੀ ਘਟਨਾ ਹੋਣੋਂ ਬਚਾਅ ਹੋ ਗਿਆ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਕਤ ਘਟਨਾ ਦੀ ਸੂਚਨਾ ਨਾ ਤਾਂ ਸਬੰਧਤ ਥਾਣੇ ਨੂੰ ਦਿੱਤੀ ਗਈ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਇਸ ਮਾਮਲੇ ਤੋਂ ਜਾਣੂ ਕਰਵਾਇਆ ਗਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ ਅਤੇ ਥਾਣਾ ਸਦਰ ਮਲੋਟ ਦੇ ਇੰਚਾਰਜ ਮਲਕੀਤ ਸਿੰਘ ਮੌਕੇ 'ਤੇ ਪੁੱਜੇ। ਪਿੰਡ ਪੁੱਜੇ ਪੁਲਸ ਅਧਿਕਾਰੀਆਂ ਨੂੰ ਪ੍ਰਬੰਧਕਾਂ ਨੇ ਦੱਸਿਆ ਕਿ ਮੁਲਜ਼ਮ ਇਸੇ ਹੀ ਪਿੰਡ ਦਾ ਰਹਿਣ ਵਾਲਾ ਬਲਤੇਜ ਸਿੰਘ ਪੁੱਤਰ ਅਜੈਬ ਸਿੰਘ ਹੈ, ਜੋ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ। ਉਸ ਨੇ ਸਵੇਰੇ 6:00 ਵਜੇ ਅਰਦਾਸ ਤੋਂ ਬਾਅਦ ਜਦੋਂ ਸੰਗਤਾਂ ਘਰ ਵਾਪਸ ਚਲੀਆਂ ਗਈਆਂ ਤਾਂ ਗੁਰਦੁਆਰਾ ਸਾਹਿਬ ਆ ਕੇ ਪੀੜਾ ਸਾਹਿਬ 'ਤੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਦਿੱਤੇ ਰੁਮਾਲੇ ਪਾਸੇ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੱਥਾਂ 'ਤੇ ਚੁੱਕ ਲਿਆ।

ਇਸ ਸਬੰਧੀ ਗੁਰਦੁਆਰਾ ਸਾਹਿਬ ਅੰਦਰ ਆਈ ਇਕ ਔਰਤ ਨੇ ਗ੍ਰੰਥੀ ਅਰਸ਼ਦੀਪ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਗ੍ਰੰਥੀ ਨੇ ਮੌਕੇ 'ਤੇ ਆ ਕੇ ਉਸਨੂੰ ਕਾਬੂ ਕੀਤਾ ਅਤੇ ਇਸ ਘਟਨਾਕ੍ਰਮ ਦੀ ਸੂਚਨਾ ਪ੍ਰਬੰਧਕਾਂ ਨੂੰ ਦਿੱਤੀ। ਇਸ ਦੌਰਾਨ ਪੁਲਸ ਨੇ ਜਦੋਂ ਮੁਲਜ਼ਮ ਬਲਤੇਜ ਸਿੰਘ ਨੂੰ ਆਪਣੇ ਨਾਲ ਲਿਜਾਣ ਲਈ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਬੰਧਕਾਂ ਨੇ ਪੁਲਸ ਦੀ ਇਸ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਸਦਰ ਦੇ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਮੌਕੇ 'ਤੇ ਜਾਂਚ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਰਸ਼ਦੀਪ ਸਿੰਘ ਪੁੱਤਰ ਤਰਲੋਚਨ ਸਿੰਘ ਦੇ ਬਿਆਨਾਂ 'ਤੇ ਮੁਲਜ਼ਮ ਬਲਤੇਜ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News