ਗੈਂਗਸਟਰ ਮਨਪ੍ਰੀਤ ਮੰਨਾ ਤੇ ਅਮਿਤ ਮਲਿਕ ਭੂਰਾ ਸਖ਼ਤ ਸੁਰੱਖਿਆ ਹੇਠ ਅਦਾਲਤ ''ਚ ਪੇਸ਼

06/09/2023 10:54:49 AM

ਮਲੋਟ (ਜੁਨੇਜਾ) : ਮਲੋਟ ਵਿਖੇ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਪ੍ਰੋਡਕਸ਼ਨ ਰਿਮਾਂਡ ’ਤੇ ਲਿਆਂਦੇ 2 ਗੈਂਗਸਟਰਾਂ ਨੂੰ ਅਦਾਲਤ ’ਚ ਪੇਸ਼ ਕੀਤਾ। ਲੰਬੀ ਪੁਲਸ ਵੱਲੋਂ ਢਾਈ ਸਾਲ ਪਹਿਲਾਂ ਪਿੰਡ ਚੰਨੂੰ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਬਠਿੰਡਾ ਜੇਲ੍ਹ ਤੋਂ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਵਾਰਡ ਨੰ. 4 ਖੰਡਾ ਚੌਕ ਤਲਵੰਡੀ ਸਾਬੋ ਨੂੰ ਪ੍ਰੋਡਕਸ਼ਨ ਰਿਮਾਂਡ ’ਤੇ ਲਿਆ ਕਿ ਅਦਾਲਤ ਵਿਚ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ 9 ਨਵੰਬਰ 2020 ਨੂੰ ਪਿੰਡ ਚੰਨੂੰ ਵਿਖੇ ਗੋਰਾ ਸਿੰਘ ਪੁੱਤਰ ਕਰਮ ਸਿੰਘ ਨਾਮੀ ਵਿਅਕਤੀ ਦੇ ਕਤਲ ਦੇ ਮਾਮਲੇ ਵਿਚ ਪੁੱਛ-ਗਿੱਛ ਲਈ ਲਿਆਂਦਾ ਹੈ। ਜਿਹੜਾ 7 ਨਵੰਬਰ ਨੂੰ ਘਰੋਂ ਗਾਇਬ ਹੋ ਗਿਆ ਸੀ ਅਤੇ 2 ਦਿਨ ਬਾਅਦ ਉਸ ਦੀ ਲਾਸ਼ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਮਿਲੀ ਸੀ। 

ਇਹ ਵੀ ਪੜ੍ਹੋ- ਧੀਆਂ ਨੂੰ ਝਾਂਸੇ 'ਚ ਲੈ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਹੁਣ ਨਹੀਂ ਖੈਰ, ਪੰਜਾਬ ਸਰਕਾਰ ਉਲੀਕੇਗੀ ਖ਼ਾਸ ਨੀਤੀ

ਪੁਲਸ ਨੇ ਮ੍ਰਿਤਕ ਦੇ ਪੁੱਤਰ ਅਰਸ਼ਦੀਪ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫ. ਆਈ. ਆਰ. ਨੰਬਰ 386/20 ਤਹਿਤ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਪੁਲਸ ਵੱਲੋਂ ਇਸ ਮਾਮਲੇ ਵਿਚ ਪੁੱਛ-ਗਿੱਛ ਲਈ ਲਿਆ ਕੇ ਮਲੋਟ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸਦਾ 1 ਦਿਨ ਦਾ ਰਿਮਾਂਡ ਦਿੱਤਾ। ਦੱਸ ਦੇਈਏ ਕਿ ਮੰਨਾ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਮਾਮਲਿਆਂ ਵਿਚ ਟਰਾਇਲ ਅਧੀਨ ਬਠਿੰਡਾ ਜੇਲ੍ਹ ਵਿਚ ਬੰਦ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਟੋਲ ਪਲਾਜ਼ਾ ਨੂੰ 20 ਰੁਪਏ ਵੱਧ ਵਸੂਲਣੇ ਪਏ ਮਹਿੰਗੇ, ਲੱਗਾ ਮੋਟਾ ਜੁਰਮਾਨਾ

ਉਧਰ ਸਿਟੀ ਮਲੋਟ ਪੁਲਸ ਵੱਲੋਂ ਕਾਰ ਖੋਹਣ ਦੇ ਮਾਮਲੇ ਵਿਚ ਬੁੱਧਵਾਰ ਨੂੰ ਪ੍ਰੋਡਕਸ਼ਨ ਰਿਮਾਂਡ ’ਤੇ ਲਿਆਂਦੇ ਗੈਂਗਸਟਰ ਅਮਿਤ ਮਲਿਕ ਭੂਰਾ ਪੁੱਤਰ ਯਸ਼ਪਾਲ ਮਲਿਕ ਵਾਸੀ ਉਤਰਪ੍ਰਦੇਸ਼ ਨੂੰ ਵੀ ਬੀਤੇ ਦਿਨ ਅਦਾਲਤ ਵਿਚ ਪੇਸ਼ ਕੀਤਾ ਹੈ। ਅਮਿਤ ਮਲਿਕ ਦਾ 1 ਦਿਨ ਦਾ ਰਿਮਾਂਡ ਖ਼ਤਮ ਹੋਣ ’ਤੇ ਅਦਾਲਤ ਨੇ ਉਸਨੂੰ ਵਾਪਸ ਜੇਲ੍ਹ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਦੋਵਾਂ ਹੀ ਗੈਂਗਸਟਰਾਂ ਦੇ ਮਾਮਲੇ ਵਿਚ ਪੁਲਸ ਨੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਸਨ ਅਤੇ ਵਿਸ਼ੇਸ਼ ਰਸਤੇ ਰਾਹੀਂ ਇਨ੍ਹਾਂ ਨੂੰ ਅਦਾਲਤ ਦੇ ਅੰਦਰ ਲਿਜਾਇਆ ਗਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto