ਮੁਲਾਜ਼ਮਾਂ ਲਈ ਖੁਸ਼ਖਬਰੀ, ਇਸ ਬਜਟ ਵਿਚ ਮਿਲ ਜਾਵੇਗਾ ਪੇ-ਕਮਿਸ਼ਨ: ਮਨਪ੍ਰੀਤ ਬਾਦਲ

01/26/2021 2:20:54 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਗਣਤੰਤਰ ਦਿਵਸ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਤਿਰੰਗਾ ਲਹਿਰਾਇਆ। ਇਸ ਮੌਕੇ ਉਹ ਪੱਤਰਕਾਰਾਂ ਨਾਲ ਵੀ ਰੂ-ਬ-ਰੂ ਹੋਏ। ਗਣਤੰਤਰ ਦਿਵਸ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਇਕਜੁੱਟ ਹੋ ਕਿ ਦੇਸ਼ ’ਚ ਸਮਾਜਿਕ ਕੁਰੀਤੀਆਂ ਵਿਰੁੱਧ ਕਾਰਜ ਕਰਨੇ ਚਾਹੀਦੇ ਹਨ।

ਕਿਸਾਨੀ ਸੰਘਰਸ਼ ਸਬੰਧੀ ਉਨ੍ਹਾਂ ਕਿਹਾ ਕਿ ਨਵੇਂ ਲਿਆਂਦੇ ਗਏ ਤਿੰਨੋ ਕਾਨੂੰਨ ਕਿਸਾਨ ਅਤੇ ਖੇਤੀਬਾੜੀ ਦੇ ਵਿਰੋਧੀ ਹਨ। ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡਾ ਮੁੱਖ ਨਿਸ਼ਾਨਾ ਆਰਥਿਕਤਾ ਸਹੀ ਕਰਨਾ ਹੋਣਾ ਚਾਹੀਦਾ ਤਾਂ ਜੋਂ ਦੇਸ਼ ਦੇ ਵਿਚ ਭੁੱਖ ਨਾਲ ਕਿਸੇ ਦੀ ਜਾਨ ਨਾ ਜਾਵੇ। ਉਨ੍ਹਾਂ ਇਸ ਮਾਮਲੇ ’ਚ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਦੇ ਪੰਜ ਨੁਕਾਤੀ ਪ੍ਰੋਗਰਾਮ ਦੀ ਗੱਲ ਵੀ ਕੀਤੀ। ਮੁਲਾਜਮ ਮੰਗਾਂ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਮੁਲਾਜਮਾਂ ਨੂੰ ਪੇਅ ਕਮਿਸ਼ਨ ਮਿਲ ਜਾਵੇਗਾ। ਮੁਲਾਜਮਾਂ ਦੀ ਪੈਨਸ਼ਨ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਕੇਂਦਰੀ ਨੀਤੀਆਂ ਪੂਰੇ ਦੇਸ਼ ਵਿਚ ਹੀ ਲਾਗੂ ਹੁੰਦੀਆਂ ਹਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਜੋ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਉਹ ਅਤੇ ਉਨ੍ਹਾਂ ਦੇ ਸਾਥੀ ਚਾਹੁਣਗੇ ਕਿ ਇਸ ਸਮੇਂ ਦੌਰਾਨ ਉਹ ਪੰਜਾਬ ਦੀਆਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ । ਇਸ ਮੌਕੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ, ਐੱਸ ਐੱਸ.ਪੀ.ਡੀ. ਸੁਡਰਵਿਲੀ, ਐੱਸ.ਡੀ.ਐੱਮ. ਸਵਰਨਜੀਤ ਕੌਰ, ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਬਰਾੜ ਸੋਥਾ, ਕਰਨ ਕੌਰ ਬਰਾੜ ਸਾਬਕਾ ਵਿਧਾਇਕਾ, ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ, ਤੇਜਿੰਦਰ ਸਿੰਘ ਜਿੰਮੀ ਬਰਾੜ ਆਦਿ ਹਾਜ਼ਰ ਸਨ।

Shyna

This news is Content Editor Shyna