ਭਾਜਪਾ ਦੇ ਲੱਡੂ ਵੰਡਣ ਵਾਲਿਆਂ ਨੂੰ ਵਪਾਰ ਮੰਡਲ ’ਚੋਂ ਕੱਢਿਆ

02/06/2021 5:26:38 PM

ਸਾਦਿਕ (ਪਰਮਜੀਤ) : ਵਪਾਰ ਮੰਡਲ ਸਾਦਿਕ ਦੀ ਅਹਿਮ ਮੀਟਿੰਗ ਸੁਰਿੰਦਰ ਸੇਠੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਅਹੁਦੇਦਾਰ ਤੇ ਦੁਕਾਨਦਾਰ ਸ਼ਾਮਲ ਹੋਏ। ਮੀਟਿੰਗ ਦੌਰਾਨ ਭਾਜਪਾ ਦੇ ਵਿਜੇ ਸਾਂਪਲਾ ਨੂੰ ਅਹੁਦਾ ਮਿਲਣ ਦੀ ਖੁਸ਼ੀ ਵਿਚ ਸਾਦਿਕ ਵਿਚ ਲੱਡੂ ਵੰਡਣ ਵਾਲੇ ਵਪਾਰ ਮੰਡਲ ਦੇ ਦੋ ਅਹੁਦੇਦਾਰਾਂ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ ਗਈ। ਅਹੁਦੇਦਾਰਾਂ ਨੇ ਕਿਹਾ ਕਿ ਭਾਜਪਾ ਦੀ ਲੋਕ ਮਾਰੂ ਨੀਤੀਆਂ ਕਾਰਨ ਕਿਸਾਨ ਦਿਨ ਰਾਤ ਧਰਨੇ ’ਤੇ ਬੈਠੇ ਹਨ ਤੇ ਲਗਭਗ ਦੋ ਸੌ ਕਿਸਾਨ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ ਤੇ ਵਪਾਰ ਮੰਡਲ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿਚ ਭਾਜਪਾ ਦਾ ਸਾਥ ਦੇ ਕੇ ਲੱਡੂ ਵੰਡਣ ਨਾਲ ਵਪਾਰੀਆਂ ਨੂੰ ਢਾਹ ਲੱਗਦੀ ਹੈ ਤੇ ਕਿਸਾਨ ਜਥੇਬੰਦੀਆਂ, ਵਪਾਰੀਆਂ ਤੇ ਹਰ ਵਰਗ ਵੱਲੋਂ ਇਤਰਾਜ ਪ੍ਰਗਟ ਕੀਤਾ ਜਾ ਰਿਹਾ ਸੀ । ਸਮੂਹ ਮੈਂਬਰਾਂ ਦੀ ਇੱਕਜੁੱਟਤਾ ਨਾਲ ਦੋਹਾਂ ਨੂੰ ਵਪਾਰ ਮੰਡਲ ਵਿੱਚ ਕੱਢਣ ਦੀ ਸਹਿਮਤੀ ਬਣੀ । ਜਿਸ ’ਤੇ ਵਾਈਸ ਪ੍ਰਧਾਨ ਡਾ.ਹਰਨੇਕ ਸਿੰਘ ਭੁੱਲਰ ਅਤੇ ਮੁੱਖ ਸਲਾਹਕਾਰ ਲਵਦੀਪ ਨਿੱਕੂ ਨੂੰ ਬਾਹਰ ਕਰਦਿਆਂ ਨਵੀਂ ਬਾਡੀ ਦਾ ਐਲਾਨ ਕਰ ਦਿੱਤਾ ਗਿਆ ।

ਇਸ ਵਿਚ ਸੁਰਿੰਦਰ ਸੇਠੀ ਪ੍ਰਧਾਨ, ਸੁਖਵੀਰ ਮਰਾੜ੍ਹ ,ਰਾਜੂ ਗੱਖੜ ਸਰਪ੍ਰਸਤ, ਅਪਾਰ ਸੰਧੂ ਸੀਨੀ ਮੀਤ ਪ੍ਰਧਾਨ, ਬਿੱਟੂ ਮੋਂਗਾ ਮੀਤ ਪ੍ਰਧਾਨ, ਸ਼ਾਮ ਸੁੰਦਰ, ਜਗਦੇਵ ਸਿੰਘ ਢਿੱਲੋਂ ਖਜਾਨਚੀ ਤੇ ਪ੍ਰਦੀਪ ਗੱਖੜ ਸਹਿ ਖਜ਼ਾਨਚੀ, ਫਲਵਿੰਦਰ ਮੱਕੜ, ਸੰਜੀਵ ਪਟਵਾਰੀ ਪ੍ਰੈੱਸ ਸਕੱਤਰ, ਖੁਸ਼ਵੰਤ ਕੁਮਾਰ ਨਰੂਲਾ, ਹੈਪੀ ਸੇਠੀ ਤੇ ਸੁੰਮਨ ਮਦਾਨ ਸਲਾਹਕਾਰ, ਬਲਜਿੰਦਰ ਸਿੰਘ ਭੁੱਲਰ ਸਕੱਤਰ, ਵਿਨੀਤ ਸੇਠੀ ਜਨਰਲ ਸੈਕਟਰੀ, ਹੈਪੀ ਨਰੂਲਾ ਵਾਈਸ ਪ੍ਰਧਾਨ ਤੋਂ ਇਲਾਵਾ ਹਰਬੰਸ ਲਾਲ ਦਾਬੜਾ, ਰਾਜੇਸ਼ ਬਿੱਲਾ, ਸੰਨੀ ਅਰੋੜਾ, ਪੰਮਾ ਸੇਠੀ, ਗੋਪੀ ਮੱਕੜ ਨੂੰ ਐਗਜੈਕਟਿਵ ਮੈਂਬਰ ਲਿਆ ਗਿਆ ਹੈ । ਸਮੂਹ ਮੈਂਬਰਾਂ ਨੇ ਐਲਾਨ ਕੀਤਾ ਕਿ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਹਾਂ ਤੇ ਜਦ ਤੱਕ ਕੇਂਦਰ ਸਰਕਾਰ ਤਿੰਨ ਕਾਨੂੰਨ ਰੱਦ ਨਹੀਂ ਕਰਦੀ ਭਾਜਪਾ ਦਾ ਵਿਰੋਧ ਜਾਰੀ ਰਹੇਗਾ।


Gurminder Singh

Content Editor

Related News