ਬਹਿਬਲ ਕਲਾਂ ਗੋਲ਼ੀ ਕਾਂਡ : ਕੁੰਵਰਵਿਜੈ ਪ੍ਰਤਾਪ ਵੱਲੋਂ ਅਦਾਲਤ ’ਚ ਅਰਜ਼ੀ ਦਾਇਰ, 21 ਨੂੰ ਹੋਵੇਗੀ ਸੁਣਵਾਈ

07/08/2023 1:24:42 PM

ਫਰੀਦਕੋਟ (ਜ.ਬ.) : ਕਿਸੇ ਸਮੇਂ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਇਕੋ ਸੋਚ ਰੱਖਣ ਵਾਲੇ ਪੀੜਤ ਪਰਿਵਾਰਾਂ, ਚਸ਼ਮਦੀਦ ਗਵਾਹਾਂ ਅਤੇ ਐੱਸ.ਆਈ.ਟੀ. ਦੇ ਪ੍ਰਮੁੱਖ ਮੈਂਬਰ ਕੁੰਵਰਵਿਜੈ ਪ੍ਰਤਾਪ ਸਿੰਘ ਦੇ ਤਾਲਮੇਲ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਸੀ ਕਿ ਹੁਣ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਅਤੇ ਜਲਦ ਮਿਲਣੀਆਂ ਪਰ ਹੁਣ ਪੀੜਤ ਪਰਿਵਾਰਾਂ ਅਤੇ ਚਸ਼ਮਦੀਦ ਗਵਾਹਾਂ ਤੋਂ ਬਾਅਦ ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਇਕ-ਦੂਜੇ ਦੇ ਵਿਰੋਧ ਵਿਚ ਅਦਾਲਤ ਵਿਚ ਲਾਈਆਂ ਗਈਆਂ ਅਰਜ਼ੀਆਂ ਨਾਲ ਬਹਿਬਲ ਗੋਲੀਕਾਂਡ ਮਾਮਲੇ ਦੇ ਸਮੀਕਰਨ ਬਿਲਕੁਲ ਤਬਦੀਲ ਹੋ ਗਏ ਹਨ।

ਇਹ ਵੀ ਪੜ੍ਹੋ : 95 ਲੱਖ 'ਚ ਚੀਤੇ ਦਾ ਬੱਚਾ ਵੇਚਣ ਦੀ ਚੱਲ ਰਹੀ ਸੀ ਡੀਲ, ਮੋਬਾਇਲ ਚੈੱਕ ਕਰਨ 'ਤੇ ਹੋਏ ਵੱਡੇ ਖ਼ੁਲਾਸੇ

ਹੁਣ ਦੋਵਾਂ ਧਿਰਾਂ ਦੀਆਂ ਅਰਜ਼ੀਆਂ ਦੀ ਸੁਣਵਾਈ ਅਦਾਲਤ ਵਲੋਂ 21 ਜੁਲਾਈ ਨੂੰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਪੁਲਸ ਦੀ ਗੋਲ਼ੀ ਨਾਲ ਮਾਰੇ ਗਏ ਸਿੱਖ ਨੌਜਵਾਨ ਕਿਸ਼ਨ ਭਗਵਾਨ ਸਿੰਘ ਦੇ ਪਿਤਾ ਅਤੇ ਦੋ ਪੁੱਤਰਾਂ ਸਮੇਤ 7 ਚਸ਼ਮਦੀਦ ਗਵਾਹਾਂ ਵਲੋਂ ਅਦਾਲਤ ਵਿਚ ਅਰਜ਼ੀ ਦੇ ਕੇ ਬਹਿਬਲ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਦੇ ਬਿਆਨਾਂ ਨੂੰ ਬਦਲਣ ਦੀ ਇਜ਼ਾਜਤ ਮੰਗਦਿਆਂ ਕੁਝ ਦੋਸ਼ ਲਾਏ ਗਏ ਸਨ ਤੇ ਹੁਣ ਸਾਬਕਾ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ‘ਆਪ’ ਵਿਧਾਇਕ ਨੇ ਵੀ ਇਲਾਕਾ ਮੈਜਿਸਟ੍ਰੇਟ ਫਰੀਦਕੋਟ ਦੀ ਅਦਾਲਤ ਵਿਚ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਗਵਾਹਾਂ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਪਹਿਲਾਂ ਉਸ ਨੂੰ ਨਿੱਜੀ ਤੌਰ ’ਤੇ ਜ਼ਰੂਰ ਸੁਣਿਆ ਜਾਵੇ।

ਇਹ ਵੀ ਪੜ੍ਹੋ : ਅਕਾਲੀ ਦਲ-ਭਾਜਪਾ ਗਠਜੋੜ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਐੱਸ.ਆਈ.ਟੀ. ਦੇ ਸਾਬਕਾ ਮੁਖੀ ਕੁੰਵਰਵਿਜੈ ਪ੍ਰਤਾਪ ਦੀ ਅਰਜ਼ੀ ਆਉਣ ਤੋਂ ਬਾਅਦ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਕਤ ਅਰਜ਼ੀ ’ਤੇ ਵੀ ਸੁਣਵਾਈ ਕਰਨ ਲਈ 21 ਜੁਲਾਈ ਤਾਰੀਖ਼ ਨਿਸ਼ਚਿਤ ਕੀਤੀ ਹੈ, ਇਸ ਤੋਂ ਪਹਿਲਾਂ ਚਸ਼ਮਦੀਦ ਗਵਾਹਾਂ ਦੀ ਅਰਜ਼ੀ ’ਤੇ ਸੁਣਵਾਈ ਲਈ ਵੀ ਅਦਾਲਤ ਵਲੋਂ ਇਹੀ ਤਾਰੀਖ਼ ਅਰਥਾਤ 21 ਜੁਲਾਈ ਮੁਕਰਰ ਕੀਤੀ ਗਈ ਹੈ। ਇਸ ਦੇ ਨਾਲ ਹੀ ਉਕਤ ਮਾਮਲੇ ਵਿਚ ਲਿਖਤੀ ਰਿਪੋਰਟ ਅਤੇ ਜਵਾਬ ਅਦਾਲਤ ਵਿਚ ਪੇਸ਼ ਕਰਨ ਲਈ ਜਾਂਚ ਟੀਮ ਨੂੰ ਵੀ ਹਦਾਇਤ ਹੋ ਗਈ ਹੈ।

Harnek Seechewal

This news is Content Editor Harnek Seechewal