ਰਾਣਾ ਸਿੱਧੂ ਕਤਸ ਮਾਮਲੇ ''ਚ ਗ੍ਰਿਫ਼ਤਾਰ ਜੈਕੀ ਕਾਲੜਾ ਨੂੰ ਅੱਜ ਅਦਾਲਤ ''ਚ ਕੀਤਾ ਜਾਵੇਗਾ ਪੇਸ਼

10/03/2022 12:23:26 PM

ਮਲੋਟ (ਜੁਨੇਜਾ) : 2 ਸਾਲ ਪਹਿਲਾਂ ਮਲੋਟ ਨੇੜੇ ਪਿੰਡ ਔਲਖ ਵਿਖੇ ਕਤਲ ਹੋਏ ਰਣਜੀਤ ਸਿੰਘ ਰਾਣਾ ਸਿੱਧੂ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਇਕ ਹੋਰ ਦੋਸ਼ੀ ਜੈਕੀ ਕਾਲੜਾ ਪੁੱਤਰ ਬਾਬੂ ਰਾਮ ਵਾਸੀ ਕੈਂਪ ਮਲੋਟ ਨੂੰ ਪੁਲਸ ਰਿਮਾਂਡ ਖ਼ਤਮ ਹੋਣ ਕਰਕੇ 3 ਅਕਤੂਬਰ ਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 22 ਅਕਤੂਬਰ 2020 ਨੂੰ ਸ੍ਰੀ ਮੁਕਤਸਰ ਸਾਹਿਬ ਵਾਸੀ ਅਤੇ ਬੰਬੀਹਾ ਗਰੁੱਪ ਨਾਲ ਜੁੜੇ ਸਮਝੇ ਜਾਂਦੇ ਰਣਜੀਤ ਸਿੰਘ ਰਾਣਾ ਸਿੱਧੂ ਪੁੱਤਰ ਰੇਸ਼ਮ ਸਿੰਘ ਦਾ 3 ਗੈਂਗਸਟਰਾਂ ਨੇ ਪਿੰਡ ਔਲਖ ਵਿਖੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਗੁਰੂ ਨਾਨਕ ਹਸਪਤਾਲ ਔਲਖ ਵਿਖੇ ਆਪਣੀ ਗਰਭਵਤੀ ਪਤਨੀ ਦੇ ਚੈੱਕਅਪ ਲਈ ਆਇਆ ਸੀ। ਇਸ ਵਾਰਦਾਤ ਵਿਚ ਰਾਣਾ ਸਿੱਧੂ ਨੂੰ 15 ਗੋਲ਼ੀਆਂ ਲੱਗੀਆਂ ਸਨ, ਜਿਸ ਪਿੱਛੋਂ ਉਸਦੀ ਪਤਨੀ ਰਾਜਵੀਰ ਕੌਰ ਦੇ ਬਿਆਨਾਂ ’ਤੇ ਸਦਰ ਮਲੋਟ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ’ਚ ਪੰਜਾਬ ਪੁਲਸ ਮੁਲਾਜ਼ਮਾਂ ’ਤੇ ਵੱਡੀ ਕਾਰਵਾਈ

ਇਸ ਕਤਲ ਤੋਂ 1 ਘੰਟਾ ਬਾਅਦ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਦੇ ਫੇਸਬੁੱਕ ਪੇਜ ’ਤੇ ਜ਼ਿੰਮੇਵਾਰੀ ਲੈ ਕੇ ਇਸ ਨੂੰ ਆਪਣੇ ਚਚੇਰੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਦੱਸਿਆ ਸੀ। ਜ਼ਿਕਰਯੋਗ ਹੈ ਕਿ ਗੁਰਲਾਲ ਬਰਾੜ ਦਾ ਕਤਲ ਇਸ ਘਟਨਾ ਤੋਂ 12 ਦਿਨ ਪਹਿਲਾਂ 10 ਅਕਤੂਬਰ 2020 ਨੂੰ ਚੰਡੀਗੜ੍ਹ ਵਿਖੇ ਸਿਟੀ ਇੰਪੋਰੀਅਰ ਮਾਲ ਦੇ ਬਾਹਰ ਦਵਿੰਦਰ ਬੰਬੀਹਾ ਗਰੁੱਪ ਦੇ ਲੱਕੀ ਪਡਿਆਲ ਦੇ ਗੈਂਗਸਟਰਾਂ ਬੇਅੰਤ ਸਿੰਘ ਉਰਫ ਚਮਕੌਰ ਸਿੰਘ, ਨੀਰਜ ਚਸਕਾ ਅਤੇ ਮਾਨ ਜੈਤੋਂ ਨੇ ਕੀਤਾ ਸੀ। ਗੋਲਡੀ ਬਰਾੜ ਨੇ ਰਾਣਾ ਸਿੱਧੂ ਨੂੰ ਵੀ ਆਪਣੇ ਭਰਾ ਗੁਰਲਾਲ ਬਰਾੜ ਦੀ ਮੌਤ ਲਈ ਜ਼ਿੰਮੇਵਾਰ ਸਮਝਦਾ ਸੀ। ਰਾਣਾ ਦੇ ਕਤਲ ਤੋਂ ਬਾਅਦ ਜ਼ਿੰਮੇਵਾਰੀ ਲੈਣ ਪਿੱਛੋਂ ਗੋਲਡੀ ਬਰਾੜ ਦਾ ਸਿੱਧੇ ਤੌਰ 'ਤੇ ਜੁਰਮ ਦੀ ਦੁਨੀਆ ਵਿਚ ਦਾਖ਼ਲਾ ਹੋ ਗਿਆ।

ਇਹ ਵੀ ਪੜ੍ਹੋ- ਅਕਾਲੀ ਦਲ ਬਚਾਉਣਾ ਤਾਂ ਭਰਿਆ ਮੇਲਾ ਛੱਡ ਕੇ ਪਾਸੇ ਹੋ ਜਾਣ ਸੁਖਬੀਰ ਸਿੰਘ ਬਾਦਲ: ਕਿਰਨਬੀਰ ਸਿੰਘ ਕੰਗ

ਉਧਰ ਇਸ ਮਾਮਲੇ ਵਿਚ ਪੁਲਸ ਨੇ ਭਾਵੇ ਅਣਪਛਾਤੇ ਕਾਤਲਾਂ ਵਿਰੁੱਧ ਮੁਕਦਮਾਂ ਦਰਜ ਕੀਤਾ ਸੀ ਪਰ ਹੁਣ ਤੱਕ ਇਸ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਸਮੇਤ 14 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਚ 9 ਦੋਸ਼ੀਆਂ ਨੂੰ ਪੁਲਸ ਕਾਬੂ ਕਰ ਚੁੱਕੀ ਹੈ। ਇਸ ਮਾਮਲੇ ਵਿਚ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੀ ਮੌਤ ਹੋ ਚੁੱਕੀ ਹੈ ਜਦਕਿ ਸਤਿੰਦਰਜੀਤ ਸਿੰਘ ਗੋਲਡੀ ਬਰਾੜ, ਯਾਦਵਿੰਦਰ ਸਿੰਘ ਚਾਂਦੀ, ਜਰਮਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤਰਨਤਾਰਨ ਸਮੇਤ 4 ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਨੋਟ - ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto