ਇਨ੍ਹਾਂ ਪੰਜਾਬੀ ਕਲਾਕਾਰਾਂ ਦੇ ਘਰ ਗੂੰਜੀਆਂ ਕਿਲਕਾਰੀਆਂ, ਕਿਸੇ ਘਰ ਧੀ ਤੇ ਕਿਸੇ ਘਰ ਪੁੱਤ ਨੇ ਲਿਆ ਜਨਮ

12/29/2023 5:53:20 PM

ਐਂਟਰਟੇਨਮੈਂਟ ਡੈਸਕ – ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲ 2023 ਕੁਝ ਦਿਨਾਂ ਬਾਅਦ ਹੀ ਕੁਝ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਰੁਖਸਤ ਹੋਣ ਜਾ ਰਿਹਾ ਹੈ ਅਤੇ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ। ਇਹ ਸਾਲ ਕਈ ਫ਼ਿਲਮੀ ਤੇ ਸੰਗੀਤਕ ਕਲਾਕਾਰਾਂ ਦੀ ਜ਼ਿੰਦਗੀ 'ਚ ਨਵੇਂ ਰੰਗ ਭਰ ਕੇ ਜਾ ਰਿਹਾ ਹੈ। ਸਾਲ 2023 ‘ਚ ਕਈ ਕਲਾਕਾਰਾਂ ਦੇ ਘਰ ਨੰਨ੍ਹੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਤੇ ਕਿਸੇ ਦੇ ਘਰ ਵਿਆਹ ਹੋਏ। ਸਾਨੂੰ ਸਾਰਿਆਂ ਨੂੰ ਨਵੇਂ ਚਾਅ ਉਤਸ਼ਾਹ ਨਾਲ ਨਵੇਂ ਸਾਲ ਦਾ ਸੁਆਗਤ ਕਰਨਾ ਚਾਹੀਦਾ ਹੈ। ਬੇਸ਼ੱਕ ਕਈਆਂ ਲਈ ਇਹ ਸਾਲ ਕੁਝ ਕੌੜੇ ਅਨੁਭਵ ਵੀ ਛੱਡ ਦੇਵੇਗਾ ਪਰ ਕਈਆਂ ਲਈ ਖੁਸ਼ੀਆਂ ਵੀ ਲੈ ਕੇ ਆਇਆ। ਇਸ ਖ਼ਬਰ ਰਾਹੀਂ ਤੁਹਾਨੂੰ ਅਜਿਹੇ ਕਲਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਘਰ ਨੰਨ੍ਹੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ-

ਮਾਨਸੀ ਸ਼ਰਮਾ
ਪਾਲੀਵੁੱਡ ਇੰਡਸਟਰੀ 'ਚ ਇਸ ਸਾਲ ਕਈ ਸਿਤਾਰੇ ਮਾਪੇ ਬਣੇ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੰਸ ਪਰਿਵਾਰ ਦੀ ਨੂੰਹ ਮਾਨਸੀ ਸ਼ਰਮਾ ਦੀ । ਜੀ ਹਾਂ ਟੀ. ਵੀ. ਸੀਰੀਅਲ 'ਛੋਟੀ ਸਰਦਾਰਨੀ' ਫੇਮ ਅਦਾਕਾਰਾ ਮਾਨਸੀ ਸ਼ਰਮਾ ਨੇ ਸਤੰਬਰ ਮਹੀਨੇ ਧੀ ਨੂੰ ਜਨਮ ਦਿੱਤਾ ਹੈ। ਅਦਾਕਾਰਾ ਦੂਜੀ ਵਾਰ ਮਾਂ ਬਣੀ ਹੈ। ਇਸ ਤੋਂ ਪਹਿਲਾਂ ਉਹ ਇਕ ਪੁੱਤਰ ਨੂੰ ਜਨਮ ਦੇ ਚੁੱਕੀ ਹੈ। 

ਜੱਸੀ ਗਿੱਲ 
ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਵੀ ਇਸੇ ਸਾਲ ਦੂਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਪੁੱਤਰ ਦਾ ਜਨਮ ਹੋਇਆ, ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਸਨ। ਇਸ ਤੋਂ ਪਹਿਲਾਂ ਜੱਸੀ ਗਿੱਲ ਦੀ ਇੱਕ ਧੀ ਹੈ, ਜਿਸ ਨਾਲ ਉਹ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਕੁਲਵਿੰਦਰ ਬਿੱਲਾ 
ਗਾਇਕ ਕੁਲਵਿੰਦਰ ਬਿੱਲਾ ਵੀ ਇਸੇ ਸਾਲ ਦੂਜੀ ਵਾਰ ਪਿਤਾ ਬਣੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਧੀ ਸਾਂਝ ਦਾ ਜਨਮ ਹੋਇਆ ਸੀ।ਕੁਲਵਿੰਦਰ ਬਿੱਲਾ ਨੇ ਆਪਣੇ ਪੁੱਤਰ ਦਾ ਨਾਮ ਜਿੰਦ ਸਿੰਘ ਜੱਸੜ ਰੱਖਿਆ ਹੈ। 

ਗੁਰਲੇਜ ਅਖ਼ਤਰ 
ਪੰਜਾਬੀ ਗਾਇਕਾ ਗੁਰਲੇਜ ਅਖ਼ਤਰ ਤੇ ਗਾਇਕ ਕੁਲਵਿੰਦਰ ਕੈਲੀ ਦੇ ਘਰ ਇਸੇ ਸਾਲ ਧੀ ਨੇ ਜਨਮ ਲਿਆ। ਇਸ ਦੀ ਜਾਣਕਾਰੀ ਗੁਰਲੇਜ ਅਖ਼ਤਰ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਸੀ।

ਸੁੱਖ ਖਰੌੜ
ਪੰਜਾਬੀ ਸੰਗੀਤ ਜਗਤ 'ਚ 'The Landers' ਮਿਊਜ਼ਿਕ ਗਰੁੱਪ ਦੇ ਮਸ਼ਹੂਰ ਗਾਇਕ ਸੁੱਖ ਖਰੌੜ ਬੀਤੇ ਕੁਝ ਦਿਨ ਪਹਿਲਾਂ ਹੀ ਪਿਤਾ ਬਣੇ ਹਨ। ਪਿਛਲੇ ਹਫ਼ਤੇ ਸੁੱਖ ਦੀ ਪਤਨੀ ਪੁਨੀਤ ਕੌਰ ਖਰੌੜ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਦੀ ਜਾਣਕਾਰੀ ਗਾਇਕ ਸੁੱਖ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਸੀ। 

sunita

This news is Content Editor sunita