ਜਦੋਂ ਆਈ. ਪੀ. ਐੱਫ਼. ਲਈ ਫ਼ੋਨ ਆਇਆ ਤਾਂ ਖੁਸ਼ੀ ਵੀ ਸੀ ਅਤੇ ਟੈਨਸ਼ਨ ਵੀ : ਸ਼ਿਲਪਾ ਸ਼ੈੱਟੀ

01/19/2024 11:29:31 AM

ਅਜੇ ਦੇਵਗਨ, ਅਕਸ਼ੈ ਕੁਮਾਰ ਅਤੇ ਰਣਵੀਰ ਸਿੰਘ ਤੋਂ ਬਾਅਦ ਰੋਹਿਤ ਸ਼ੈੱਟੀ ਦੇ ਕਾਪ ਯੂਨੀਵਰਸ ਵਿਚ ਕਈ ਨਵੇਂ ਨਾਂ ਜੁੜ ਗਏ ਹਨ। ਹੁਣ ਇਹ ਯੂਨੀਵਰਸ ਸਮੇਂ ਦੇ ਨਾਲ ਹੋਰ ਵੱਡਾ ਹੋ ਗਿਆ ਹੈ, ਅਜਿਹੇ ਵਿਚ ਵੱਡੇ ਪਰਦੇ ਤੋਂ ਨਿਕਲ ਕੇ ਜਲਦੀ ਹੀ ਇਹ ਓ. ਟੀ. ਟੀ. ’ਤੇ ਦਮਦਾਰ ਦਸਤਕ ਦੇਣ ਜਾ ਰਿਹਾ ਹੈ। ਰੋਹਿਤ ਸ਼ੈੱਟੀ ਦੀ ਪਹਿਲੀ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫੋਰਸ’ 19 ਜਨਵਰੀ 2024 ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਸੀਰੀਜ਼ ਵਿਚ ਸਿਧਾਰਥ ਮਲਹੋਤਰਾ ਅਤੇ ਵਿਵੇਕ ਓਬਰਾਏ ਦੇ ਨਾਲ ਕਾਪ ਯੂਨੀਵਰਸ ਦੀ ਪਹਿਲੀ ਫੀਮੇਲ ਕਾਪ ਦੇ ਰੂਪ ਵਿਚ ਸ਼ਿਲਪਾ ਸ਼ੈੱਟੀ ਨਜ਼ਰ ਆਵੇਗੀ। ਦਮਦਾਰ ਐਕਸ਼ਨ ਅਤੇ ਪੁਲਸੀਆ ਐਨਰਜੀ ਨਾਲ ਭਰੇ ਹੋਏ ਇਸ ਸ਼ੋਅ ਬਾਰੇ ਸ਼ਿਲਪਾ ਸ਼ੈਟੀ ਅਤੇ ਵਿਵੇਕ ਓਬਰਾਏ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਸ਼ਿਲਪਾ ਸ਼ੈਟੀ :

ਰੋਹਿਤ ਸ਼ੈੱਟੀ ਦੇ ਕਾਪ ਯੂਨੀਵਰਸ ਵਿਚ ਪਹਿਲੀ ਫੀਮੇਲ ਕਾਪ ਬਣਨ ’ਤੇ ਤੁਹਾਡਾ ਕਿਹੋ ਜਿਹਾ ਰਿਐਕਸ਼ਨ ਸੀ?
ਮੈਨੂੰ ਲੱਗਾ ਜਿਵੇਂ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ ਹੋਵੇ। ਪਹਿਲਾਂ ਮੈਨੂੰ ਉਨ੍ਹਾਂ ਦੀ ਟੀਮ ਦੇ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਰੋਹਿਤ ਇਕ ਸੀਰੀਜ਼ ਵਿਚ ਪੁਲਸ ਦੇ ਰੋਲ ਨਾਲ ਸਬੰਧਤ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ, ਉਦੋਂ ਮੈਂ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਕ ਘੰਟੇ ਬਾਅਦ ਖੁਦ ਰੋਹਿਤ ਨੇ ਮੈਨੂੰ ਫ਼ੋਨ ਕੀਤਾ। ਖੁਸ਼ੀ ਵੀ ਸੀ ਤੇ ਟੈਨਸ਼ਨ ਵੀ ਹੋਈ। ਮੈਨੂੰ ਲੱਗਾ ਕਿ ਸ਼ਾਇਦ ਨਹੀਂ ਹੋ ਸਕੇਗਾ, ਕਿਉਂਕਿ ਮੈਂ ‘ਸੁਖੀ’ ਦੇ ਲਈ ਸ਼ੂਟ ’ਤੇ ਨਿਕਲ ਰਹੀ ਸੀ। ਇਸ ਦੇ ਬਾਅਦ ਜਦੋਂ ਮੈਂ ਵਿਆਨ ਦੇ ਚਿਹਰੇ ’ਤੇ ਐਕਸਾਈਟਮੈਂਟ ਦੇਖੀ ਤਾਂ ਮੈਂ ਇਸ ਭੂਮਿਕਾ ਲਈ ਹੋਰ ਵੀ ਜ਼ਿਆਦਾ ਮਜਬੂਤ ਹੋ ਗਈ। ਉਸ ਨੇ ਕਿਹਾ, ਮਾਂ, ਜੋ ਮਰਜ਼ੀ ਹੋ ਜਾਵੇ, ਇਹ ਰੋਲ ਤੁਹਾਨੂੰ ਕਰਨਾ ਹੀ ਹੋਵੇਗਾ। ਸ਼ੁਰੂ ਵਿਚ ਮੈਨੂੰ ਇਹ ਮੁਸ਼ਕਿਲ ਲੱਗ ਰਿਹਾ ਸੀ ਕਿਉਂਕਿ ਮੈਂ ਪਹਿਲਾਂ ਹੀ ਇਕ ਫ਼ਿਲਮ ਕਰ ਰਹੀ ਹਾਂ, ਇਕ ਰਿਐਲਿਟੀ ਸ਼ੋਅ ਵੀ ਹੈ ਅਤੇ ਇਸ ਵਿਚਕਾਰ ਮੈਂ ਇਕ ਵੱਡਾ ਪ੍ਰੋਜੈਕਟ ਕਿਵੇਂ ਕਰ ਸਕਾਂਗੀ। ਇਸ ਰੋਲ ਦੀ ਤਿਆਰੀ ਲਈ ਸਮਾਂ ਵੀ ਬਹੁਤ ਘੱਟ ਸੀ। ਇਸ ਦੇ ਬਾਵਜੂਦ ਮੈਂ ‘ਸੁਖੀ’ ਅਤੇ ‘ਇੰਡੀਅਨ ਪੁਲਸ ਫੋਰਸ’ ਦੋਵਾਂ ਦੀ ਸ਼ੂਟਿੰਗ ਇਕੱਠਿਆਂ ਕੀਤੀ।

ਤਿਆਰੀ ਲਈ ਸਮਾਂ ਘੱਟ ਸੀ, ਅਜਿਹੇ ਵਿਚ ਤੁਸੀਂ ਪੁਲਸ ਦੇ ਰੋਲ ਲਈ ਖੁਦ ਨੂੰ ਕਿਵੇਂ ਤਿਆਰ ਕੀਤਾ?
ਮੇਰੇ ਹਿਸਾਬ ਨਾਲ ਤੁਸੀਂ ਲੋਕਾਂ ਨੇ ‘ਸੁਖੀ’ ਦੇ ਚਿਹਰੇ ’ਤੇ ਜੋ ਥਕਾਵਟ ਦੇਖੀ ਸੀ, ਉਹ ਇਸ ਲਈ ਸੀ ਕਿਉਂਕਿ ਮੈਂ ਇਧਰ ਤੋਂ ਉਧਰ ਜ਼ਿਆਦਾ ਜਾ ਰਹੀ ਸੀ। ਇਥੇ ਤਾਰਾ ਸ਼ੈੱਟੀ ਵਿਚ ਗੁੱਸਾ ਦਿਖ ਰਿਹਾ ਸੀ, ਉਹ ਸਾਰਾ ‘ਸੁਖੀ’ ਦਾ ਫਰਸਟ੍ਰੇਸ਼ਨ ਸੀ, ਜੋ ਨਿਕਲ ਰਿਹਾ ਸੀ। ਦੋਵੇਂ ਹੀ ਕਿਰਦਾਰਾਂ ਵਿਚ ਸਭ ਕੁਝ ਉੱਭਰ ਕੇ ਸਾਹਮਣੇ ਆਇਆ। ਸਮਝੋ, ਇਹ ਮੇਰੀ 90 ਦੇ ਦਹਾਕੇ ਦੀ ਟ੍ਰੇਨਿੰਗ ਸੀ, ਕਿਉਂਕਿ ਅਸੀਂ ਉਸ ਦੌਰਾਨ ਬਹੁਤ ਕੰਮ ਕੀਤਾ ਸੀ। ਮੈਨੂੰ ਯਾਦ ਹੈ ਕਿ ਮੈਂ ਇਕ ਸਮੇਂ ਵਿਚ ਦੋ-ਦੋ ਸ਼ਿਫਟਾਂ ਕੀਤੀਆਂ ਸਨ।

ਸੈੱਟ ’ਤੇ ਤੁਹਾਨੂੰ ਸਭ ਕੁਝ ਪਹਿਲਾਂ ਤੋਂ ਤਿਆਰ ਮਿਲਦਾ ਸੀ ਜਾਂ ਤੁਸੀਂ ਆਪਣੇ ਕੁਝ ਵਿਚਾਰ ਵੀ ਸ਼ਾਮਲ ਕਰਦੇ ਸੀ?
ਦੂਜਿਆਂ ਦਾ ਪਤਾ ਨਹੀਂ ਪਰ ਮੈਨੂੰ ਆਪਣੀ ਰਾਇ ਦੇਣਾ ਚੰਗਾ ਲੱਗਦਾ ਹੈ। ਮੇਰੀਆਂ ਜਿੰਨੀਆਂ ਵੀ ਫ਼ਿਲਮਾਂ ਹਨ, ਮੈਂ ਉਨ੍ਹਾਂ ਵਿਚ ਇਹ ਕੀਤਾ ਵੀ ਹੈ। ਡਾਇਰੈਕਟਰ ਦੇ ਨਾਲ ਮਿਲ ਕੇ ਅਸੀਂ ਰਿਸਰਚ ਕਰਦੇ ਸੀ। ਫਿਰ ਅਜਿਹੀਆਂ ਫ਼ਿਲਮਾਂ ਵੀ ਕੀਤੀਆਂ, ਜਿਨ੍ਹਾਂ ਵਿਚ ਡਾਇਰੈਕਟਰ ਦਾ ਖੁਦ ਦਾ ਵਿਜ਼ਨ ਹੁੰਦਾ ਹੈ। ਉਹ ਬਹੁਤ ਕਲੀਅਰ ਹੁੰਦੇ ਹਨ ਕਿ ਮੈਨੂੰ ਇਸ ਸੀਨ ਵਿਚ ਇਹੋ ਚੀਜ਼ਾਂ ਚਾਹੀਦੀਆਂ ਹਨ। ਰੋਹਿਤ ਵੀ ਕੁਝ ਅਜਿਹੇ ਹੀ ਹਨ, ਕਿਉਂਕਿ ਜਦੋਂ ਤੁਸੀਂ ਉਨ੍ਹਾਂ ਦੇ ਕਾਪ ਵਰਸ ਵਿਚ ਆਉਂਦੇ ਹੋ, ਤਾਂ ਉਨ੍ਹਾਂ ਦੇ ਕਿਰਦਾਰਾਂ ਨੂੰ ਉਨ੍ਹਾਂ ਤੋਂ ਬਿਹਤਰ ਦੂਜਾ ਕੋਈ ਨਹੀਂ ਜਾਣ ਸਕਦਾ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮੋਢਿਆਂ ’ਤੇ ਇਕ ਜ਼ਿੰਮੇਵਾਰੀ ਹੈ ਕਿ ਪੁਲਸ ਨੂੰ ਕਿਵੇਂ ਦਿਖਾਉਣਾ ਹੈ।

ਅੱਜ ਦੇ ਸਮੇਂ ਵਿਚ ਕਿਸੇ ਵੀ ਕਿਰਦਾਰ ਦੀ ਤਿਆਰੀ ਕਰਨਾ ਪਹਿਲਾਂ ਦੇ ਮੁਕਾਬਲੇ ਕਿੰਨਾ ਔਖਾ ਜਾਂ ਆਸਾਨ ਹੈ?
ਹੁਣ ਤਿਆਰੀ ਦੀ ਪ੍ਰਕਿਰਿਆ ਕਾਫ਼ੀ ਬਦਲ ਗਈ ਹੈ। ਅੱਜ ਲੋਕ ਰੀਡਿੰਗਸ ਪੜ੍ਹਦੇ ਹਨ ਅਤੇ ਵਰਕਸ਼ਾਪਸ ਕਰਦੇ ਹਨ। ਪਹਿਲਾਂ ਜਦੋਂ ਅਸੀਂ ਕੰਮ ਕਰਦੇ ਸੀ ਤਾਂ ਇਸ ਦਾ ਤਰੀਕਾ ਹੀ ਵੱਖਰਾ ਸੀ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਕਿਤੇ ਵੀ ਟ੍ਰੇਨਿੰਗ ਨਹੀਂ ਲਈ ਸੀ, ਤਾਂ ਮੇਰੀਆਂ ਫ਼ਿਲਮਾਂ ਦਾ ਅਨੁਭਵ ਮੇਰੇ ਲਈ ਟ੍ਰੇਨਿੰਗ ਰਾਊਂਡ ਰਿਹਾ। ਅੱਜ ਜਦੋਂ ਮੈਂ ਆਪਣੀ ਸ਼ੁਰੂਆਤ ਦੀਆਂ 15 ਫ਼ਿਲਮਾਂ ਦੇਖਦੀ ਹਾਂ ਤਾਂ ਮੈਂ ਸੋਚਦੀ ਹਾਂ ਪਤਾ ਨਹੀਂ ਲੋਕਾਂ ਨੇ ਮੈਨੂੰ ਕਿਵੇਂ ਇੰਨਾ ਪਿਆਰ ਦਿੱਤਾ। ਪਤਾ ਨਹੀਂ ਮੈਂ ਕੀ ਬੋਲ ਰਹੀ ਸੀ? ਕੀ ਕਹਿ ਰਹੀ ਸੀ? ਲੋਕਾਂ ਨੇ ਮੈਨੂੰ ਕਿਵੇਂ ਬਰਦਾਸ਼ਤ ਕੀਤਾ? ਕਿਉਂਕਿ ਮੈਨੂੰ ਕੁਝ ਨਹੀਂ ਆਉਂਦਾ ਸੀ। ਇਥੋਂ ਤੱਕ ਕਿ ਮੈਨੂੰ ਹਿੰਦੀ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ। ਮੈਂ ਆਪਣੇ 30 ਸਾਲਾਂ ਦੇ ਕਰੀਅਰ ਵਿਚ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ ਹੈ। ਜਦਕਿ ਅੱਜ ਦੇ ਐਕਟਰਸ ਜਦੋਂ ਫ਼ਿਲਮ ਇੰਡਸਟਰੀ ਜੁਆਇਨ ਕਰਦੇ ਹਨ ਤਾਂ ਸਭ ਕੁਝ ਪਹਿਲਾਂ ਤੋਂ ਤਿਆਰ ਕਰਕੇ ਆਉਂਦੇ ਹਨ।

ਤਾਰਾ ਸ਼ੈਟੀ ਨਾਲ ਖੁਦ ਨੂੰ ਕਿਵੇਂ ਰਿਲੇਟ ਕਰਦੇ ਹੋ?
ਮੇਰੇ ਹਿਸਾਬ ਨਾਲ ਦੋਵਾਂ ਵਿਚ ਕੁੱਝ ਚੀਜ਼ਾਂ ਕਾਫ਼ੀ ਮੇਲ ਖਾਂਦੀਆਂ ਹਨ। ਮੈਨੂੰ ਐਕਸ਼ਨ ਬਹੁਤ ਪਸੰਦ ਹੈ ਅਤੇ ਮੈਂ ਇਸ ਨੂੰ ਬਹੁਤ ਇਨਜੁਆਏ ਵੀ ਕੀਤਾ। ਜੇਕਰ ਮੈਂ ਅਸਲ ਜ਼ਿੰਦਗੀ ਵਿਚ ਕਾਪ ਹੁੰਦੀ ਤਾਂ ਅਜਿਹੀ ਹੀ ਹੁੰਦੀ। ਇਹ ਇਕ ਜ਼ਿੰਮੇਵਾਰੀ ਹੈ, ਜਿਸ ਨੂੰ ਤਾਰਾ ਬਹੁਤ ਹੀ ਨਿਰਸਵਾਰਥ ਭਾਵ ਨਾਲ ਨਿਭਾਉਂਦੀ ਹੈ। ਇਹੋ ਚੀਜ ਮੇਰੇ ਅਤੇ ਤਾਰਾ ਵਿਚ ਇਕੋ ਜਿਹੀ ਹੈ ਅਤੇ ਸਭ ਤੋਂ ਵੱਡੀ ਸਮਾਨਤਾ ਇਹ ਹੈ ਕਿ ਅਸੀਂ ਦੋਵੇਂ ਸ਼ੈਟੀ ਹਾਂ।

ਵਿਵੇਕ ਓਬਰਾਏ

ਤੁਹਾਡੇ ਹਰ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ, ਰੋਹਿਤ ਸ਼ੈੱਟੀ ਦੇ ਕਾਪ ਯੂਨੀਵਰਸ ਵਿਚ ਐਂਟ੍ਰੀ ਲੈ ਰਹੇ ਹੋ ਤਾਂ ਕੀ ਉਮੀਦਾਂ ਹਨ?
ਪਿਆਰ ਤਾਂ ਪਹਿਲਾਂ ਹੀ ਬਹੁਤ ਮਿਲ ਚੁੱਕਾ ਹੈ, ਟੀਮ ਤੋਂ ਵੀ ਅਤੇ ਰੋਹਿਤ ਭਰਾ ਤੋਂ ਵੀ। ਹੁਣ ਰੱਬ ਕਰੇ ਕਿ ਮੈਂ ਜੋ ਵਿਕਰਮ ਬਖਸ਼ੀ ਦਾ ਕਿਰਦਾਰ ਨਿਭਾਇਆ ਹੈ, ਉਸ ਨੂੰ ਵੀ ਦਰਸ਼ਕਾਂ ਦਾ ਵੀ ਪਿਆਰ ਮਿਲੇ। ਉਹ ਇਕ ਰੀਅਲ ਲਾਈਫ਼ ਹੀਰੋ ਹਨ ਅਤੇ ਇਕ ਚੰਗੇ ਪੁਲਸ ਅਫ਼ਸਰ ਵੀ ਹਨ। ਮੈਨੂੰ ਮੇਰੇ ਪਿਤਾ ਜੀ ਦੀ ਫਿਲਮ ‘ਤੇਜ਼ਾਬ’ ਯਾਦ ਆਉਂਦੀ ਹੈ, ਉਦੋਂ ਮੈਂ ਸਕੂਲ ਵਿਚ ਸੀ, ਮੈਂ ਆਪਣੇ ਕਜ਼ਨ ਨਾਲ ਲੁਕ-ਲੁਕ ਕੇ ਉਹ ਫਿਲਮ ਦੇਖਣ ਗਿਆ ਸੀ, ਉਸ ਵਿਚ ਪਾਪਾ ਦਾ ਕਿਰਦਾਰ ਸੀ, ਜਦੋਂ ਉਹ ਅਨਿਲ ਕਪੂਰ ਨੂੰ ਬਚਾਉਂਦੇ ਹਨ, ਬੈਲਟ ਨਾਲ ਕੁੱਟਦੇ ਹਨ ਉਦੋਂ ਥਿਏਟਰ ਵਿਚ ਸੀਟੀਆਂ ਵੱਜੀਆਂ ਸਨ। ਮੇਰਾ ਵੀ ਇਸ ਵਿਚ ਕੁਝ ਉਹੋ ਜਿਹਾ ਹੀ ਕਿਰਦਾਰ ਹੈ ਤਾਂ ਮੈਂ ਪਾਪਾ ਨੂੰ ਫ਼ੋਨ ਕੀਤਾ, ਉਹ ਇਮੋਸ਼ਨਲ ਮੂਮੈਂਟ ਸੀ।

ਕਿੰਨਾ ਵੱਖਰਾ ਹੈ ਰੋਹਿਤ ਸ਼ੈੱਟੀ ਦਾ ਸੈੱਟ ਦੂਜੇ ਸੈੱਟਾਂ ਦੇ ਮੁਕਾਬਲੇ?
ਰੋਹਿਤ ਸ਼ੈਟੀ, ਪੁਲਸ ਵਿਚ ਪੀ. ਐੱਚ. ਡੀ. ਹਨ, ਉਨ੍ਹਾਂ ਦੇ ਨਾਲ ਕੰਮ ਕਰਨ ਵਿਚ ਵੱਖ ਹੀ ਮਜ਼ਾ ਆਉਂਦਾ ਹੈ। ਰੋਹਿਤ ਸ਼ੈੱਟੀ ਦੇ ਸੈੱਟ ’ਤੇ ਸਭ ਕੁਝ ਵੱਖਰਾ ਹੈ, ਇਥੇ ਤਸੀਂ ਆਉਣਾ ਹੈ ਅਤੇ ਆਪਣਾ ਕਿਰਦਾਰ ਨਿਭਾਉਣਾ ਹੈ ਬਸ। ਯੂਨੀਫਾਰਮ ਤੋਂ ਲੈ ਕੇ ਬਾਡੀ ਲੈਂਗੂਏਜ ਤੱਕ ਸਭ ਕੁਝ ਉਨ੍ਹਾਂ ਨੂੰ ਪਤਾ ਹੁੰਦਾ ਹੈ। ਸਾਡੇ ਲਈ ਬਹੁਤ ਆਸਾਨ ਹੋ ਗਿਆ ਸੀ ਕਿਉਂਕਿ ਅਸੀਂ ਸਿਰਫ਼ ਪਰਫਾਰਮੈਂਸ ’ਤੇ ਫੋਕਸ ਕਰਨਾ ਹੁੰਦਾ ਸੀ।

ਥੋੜਾ ਐਕਸ਼ਨ ਬਾਰੇ ਦੱਸੋ?
ਇਥੇ ਐਕਸ਼ਨ ਨੂੰ ਛੱਡ ਕੇ ਸਭ ਕੁਝ ਆਸਾਨ ਸੀ। ਰੋਹਿਤ ਦੀ ਐਕਸ਼ਨ ਟੀਮ ਸ਼ਾਨਦਾਰ ਹੈ। ਜਦੋਂ ਵੀ ਸ਼ੂਟ ਹੁੰਦਾ ਹੈ, ਤਾਂ ਜਿਸ ਤਰ੍ਹਾਂ ਨਾਲ ਸਭ ਕੁਝ ਸ਼ੂਟ ਹੋ ਰਿਹਾ ਹੁੰਦਾ ਹੈ ਤਾਂ ਹਰ ਸ਼ੂਟ ਤੋਂ ਬਾਅਦ ਅਸੀਂ ਆਪਣੇ ਕੋ-ਸਟਾਰ ਨੂੰ ਪੁੱਛ ਰਹੇ ਹੁੰਦੇ ਹਾਂ, ਤੁਸੀਂ ਠੀਕ ਹੋ? ਫਿਰ ਦੇਖਦੇ ਹਾਂ ਕਿ ਰੀਟੇਕ ਤਾਂ ਨਹੀਂ ਮੰਗਣਗੇ। ਇਸ ਵਿਚ ਬਹੁਤ ਸਾਰੀ ਐਨਰਜੀ ਲੱਗਦੀ ਹੈ ਅਤੇ ਮੁਸ਼ਕਿਲ ਵੀ ਬਹੁਤ ਹੁੰਦਾ ਹੈ। ਉਸ ਸਮੇਂ ਤਾਂ ਪਤਾ ਨਹੀਂ ਲੱਗਦਾ ਪਰ ਸ਼ਾਮ ਨੂੰ ਜਦੋਂ ਘਰ ਜਾ ਕੇ ਨਹਾ ਰਹੇ ਹੁੰਦੇ ਹਾਂ, ਉਦੋਂ ਪਤਾ ਲੱਗਦਾ ਹੈ ਕਿ ਕਿੱਥੇ-ਕਿੱਥੇ ਸੱਟ ਲੱਗੀ ਅਤੇ ਕਿੰਨਾ ਦਰਦ ਹੋਇਆ। ਇਸ ਵਾਰ ਮਜ਼ਾ ਹੀ ਕੁਝ ਹੋਰ ਸੀ, ਕਿਉਂਕਿ ਪਹਿਲੀ ਵਾਰ ਇਸ ਵਾਰ ਮੇਰੇ ਸੈੱਟ ’ਤੇ ਮੇਰਾ ਬੇਟਾ ਆਇਆ। ਇਕ ਤਾਂ ਉਹ ਰੋਹਿਤ ਭਰਾ ਦਾ ਬਹੁਤ ਵੱਡਾ ਫੈਨ ਹਨ, ਉਸ ਨੂੰ ਐਕਸ਼ਨ ਬਹੁਤ ਪਸੰਦ ਹੈ। ਬੇਟੇ ਨੂੰ ਬਹੁਤ ਮਜ਼ਾ ਆਇਆ, ਉਹ ਮੇਰੇ ਵੱਲ ਵੱਖਰੇ ਤਰੀਕੇ ਨਾਲ ਦੇਖ ਰਿਹਾ ਸੀ, ਤਾਂ ਮੈਨੂੰ ਉਹ ਸਮਾਂ ਯਾਦ ਆਇਆ ਜਦੋਂ ਮੈਂ ਪਾਪਾ ਨੂੰ ਦੇਖਦਾ ਸੀ।

ਤੁਸੀਂ ਇੰਡਸਟਰੀ ਵਿਚ 2 ਦਹਾਕਿਆਂ ਤੋਂ ਜ਼ਿਆਦਾ ਕੰਮ ਕੀਤਾ। ਅਜਿਹਾ ਕੀ ਹੈ, ਜੋ ਪਹਿਲਾਂ ਸੀ ਪਰ ਅੱਜ ਨਹੀਂ ਹੈ, ਜਿਸ ਨੂੰ ਤੁਸੀਂ ਮਿਸ ਕਰਦੇ ਹੋ?
ਪਾਜ਼ੇਟਿਵ ਨੈਗੇਟਿਵ ਦੋਵੇਂ ਹੀ ਹਨ। ਜਦੋਂ ਅਸੀਂ ਆਏ ਸੀ, ਉਦੋਂ ਕਈ ਵਾਰ ਅਜਿਹਾ ਵੀ ਹੋਇਆ ਸੀ ਜਦੋਂ ਅਸੀਂ ਤਿਆਰੀ ਕਰਕੇ ਸੈੱਟ ’ਤੇ ਪਹੁੰਚਦੇ ਹੁੰਦੇ ਸੀ ਅਤੇ ਕਿਹਾ ਜਾਂਦਾ ਸੀ ਕਿ ਅੱਜ ਇਹ ਸ਼ੂਟ ਨਹੀਂ ਹੈ, ਅੱਜ ਕੋਈ ਹੋਰ ਹੈ ਤਾਂ ਬਹੁਤ ਕਨਫਿਊਜ਼ਨ ਹੁੰਦਾ ਸੀ ਪਰ ਉਸ ਸਮੇਂ ਆਪਣਾਪਨ ਬਹੁਤ ਸੀ। ਇਕ ਵਿਸ਼ਵਾਸ ਵੀ ਸੀ ਅਤੇ ਮੀਡੀਆ ਦੇ ਨਾਲ ਵੀ ਇਕ ਵੱਖਰਾ ਹੀ ਰਿਸ਼ਤਾ ਸੀ ਪਰ ਅੱਜਕੱਲ੍ਹ ਸਭ ਕੁਝ ਬਦਲ ਗਿਆ ਹੈ। ਅੱਜ-ਕੱਲ੍ਹ ਕੈਲਕੂਲੇਸ਼ਨ ਬਹੁਤ ਹੁੰਦੀ ਹੈ ਅਤੇ ਇਮੋਸ਼ਨ ਜ਼ੀਰੋ ਹੋ ਗਿਆ ਹੈ।

ਪੁਲਸ ਅਧਿਕਾਰੀ ਬਿਨਾਂ ਸ਼ਰਤ ਦੇ ਬਲੀਦਾਨ ਦਿੰਦਾ ਹੈ : ਰੋਹਿਤ
ਨਿਰਮਾਤਾ ਰੋਹਿਤ ਸ਼ੈੱਟੀ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਕ ਪੁਲਸ ਅਧਿਕਾਰੀ ਬਿਨਾਂ ਕਿਸੇ ਸ਼ਰਤ ਕਿੰਨੀ ਕੁਰਬਾਨੀ ਦਿੰਦਾ ਹੈ ਪਰ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਕੁਝ ਅਜਿਹੀ ਹੈ, ਜਿਸਦੇ ਬਾਰੇ ਹਰ ਕੋਈ ਨਹੀਂ ਜਾਣਦਾ। ਮੈਂ ਭਾਰਤ ਦੇ ਹਰ ਪੁਲਸ ਅਧਿਕਾਰੀ ਦੇ ਪਰਿਵਾਰ ਨੂੰ ਸਲਾਮ ਕਰਦਾ ਹਾਂ। ਤੁਸੀਂ ਅਸਲੀ ਹੀਰੋ ਹੋ, ਜੋ ਉਨ੍ਹਾਂ ਦੀ ਦੇਖਭਾਲ ਕਰਦੇ ਹਨ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹਨ। ਅੱਜ ਅਸੀਂ ਕੌਮੀ ਪੁਲਸ ਯਾਜਦਾਰ ’ਤੇ ਖੜ੍ਹੇ ਹਾਂ, ਜੋ 35,000 ਪੁਲਸ ਕਰਮੀਆਂ ਦੇ ਬਲੀਦਾਨ ਨੂੰ ਮਾਨਤਾ ਦਿੰਦਾ ਹੈ, ਨਾ ਸਿਰਫ਼ ਅਸੀਂ ਇਨ੍ਹਾਂ ਬਹਾਦਰ ਅਫ਼ਸਰਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਗੁਆ ਦਿੱਤਾ ਹੈ, ਸਗੋਂ ਉਨ੍ਹਾਂ 35,000 ਪਰਿਵਾਰਾਂ ਨੇ ਵੀ ਆਪਣੇ ਪਰਿਵਾਰਕ ਮੈਂਬਰ ਨੂੰ ਗੁਆ ਦਿੱਤਾ ਹੈ।

ਵਰਦੀ ਪਹਿਨ ਕੇ ਮਾਣ ਮਹਿਸੂਸ ਕਰਦਾ ਹਾਂ : ਸਿਧਾਰਥ
ਅਭਿਨੇਤਾ ਸਿਧਾਰਥ ਮਲਹੋਤਰਾ ਨੇ ਕਿਹਾ ਕਿ ਮੈਂ ਦਿੱਲੀ ਪੁਲਸ ਨੂੰ ਸਕੂਲ ਅਤੇ ਕਾਲਜ ਵਿਚ ਮਿਲਦਾ ਸੀ ਪਰ ਜਦੋਂ ਤੁਸੀਂ ਕਾਲਜ ਵਿਚ ਹੁੰਦੇ ਹੋ, ਉਦੋਂ ਤੁਸੀਂ ਕਾਫ਼ੀ ਅਣਜਾਣ ਹੁੰਦੇ ਹੋ। ਇਕ ਨਾਗਰਿਕ ਹੋਣ ਦੇ ਨਾਤੇ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਤੁਹਾਡੇ ਅਧਿਕਾਰੀ ਅਤੇ ਸਰਕਾਰ ਤੁਹਾਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ। ਇਕ ਅਭਿਨੇਤਾ ਦੇ ਤੌਰ ’ਤੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਵੱਡੇ ਪਰਦੇ ’ਤੇ ਵਰਦੀ ਪਹਿਨਣ ਦਾ ਮੌਕਾ ਮਿਲਿਆ। ਜਿਵੇਂ ਕਿ ਰੋਹਿਤ ਸ਼ੈੱਟੀ ਕਹਿੰਦੇ ਹਨ, ‘ਅਸੀਂ ਰੀਲ ਹੀਰੋ ਹਾਂ, ਤੁਸੀਂ ਪੁਲਸ ਅਧਿਕਾਰੀ ਅਸਲ ’ਚ ਹੀਰੋ ਹੋ।

sunita

This news is Content Editor sunita