ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਨਹੀਂ ਹੋਣਗੇ ਵਿਵੇਕ ਅਗਨੀਹੋਤਰੀ, ਦੱਸੀ ਇਹ ਵਜ੍ਹਾ

01/21/2024 1:24:29 PM

ਮੁੰਬਈ (ਬਿਊਰੋ)– ਅਯੁੱਧਿਆ ’ਚ ਰਾਮ ਮੰਦਰ ਦਾ ਉਦਘਾਟਨ ਸਮਾਰੋਹ 22 ਜਨਵਰੀ ਨੂੰ ਹੋਣ ਵਾਲਾ ਹੈ। ਇਸ ਸ਼ੁਭ ਮੌਕੇ ’ਤੇ ਰਣਬੀਰ ਕਪੂਰ, ਅਮਿਤਾਭ ਬੱਚਨ, ਆਲੀਆ ਭੱਟ, ਕੰਗਨਾ ਰਣੌਤ, ਅਕਸ਼ੇ ਕੁਮਾਰ ਤੇ ਰਣਦੀਪ ਹੁੱਡਾ ਵਰਗੀਆਂ ਕਈ ਬਾਲੀਵੁੱਡ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਇਸ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਣਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦਾ ਇਕ ਹੋਰ ਇੰਟਰਵਿਊ, ਸਲਮਾਨ ਖ਼ਾਨ ਨੂੰ ਫਿਰ ਦਿੱਤੀ ਧਮਕੀ, ਕਿਹਾ– ‘ਨਹੀਂ ਛੱਡਾਂਗੇ’

ਵਿਵੇਕ ਅਗਨੀਹੋਤਰੀ ਪ੍ਰਾਣ ਪ੍ਰਤਿਸ਼ਠਾ ’ਚ ਨਹੀਂ ਪਹੁੰਚ ਸਕਣਗੇ
ਸੱਦੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਨਿਰਦੇਸ਼ਕ ਨੇ ਇੰਸਟਾਗ੍ਰਾਮ ’ਤੇ ਲਿਖਿਆ, “ਮੈਂ ਸੀ. ਐੱਮ. ਯੋਗੀ ਆਦਿਤਿਆਨਾਥ ਜੀ ਦੇ ਦਫ਼ਤਰ ਤੋਂ ਕਈ ਫਾਲੋਅੱਪ ਕਾਲਜ਼ ਪ੍ਰਾਪਤ ਕਰਕੇ ਖ਼ੁਸ਼ੀ ਨਾਲ ਹੈਰਾਨ ਸੀ। ਉਸ ਔਰਤ ਨੇ ਬੜੇ ਹੀ ਨਿੱਘੇ ਤੇ ਪੇਸ਼ੇਵਰ ਢੰਗ ਨਾਲ ਮੇਰੇ ਤੋਂ ਯਾਤਰਾ ਦੇ ਵੇਰਵਿਆਂ ਬਾਰੇ ਪੁੱਛਿਆ। ਮੈਂ ਹਰ ਕਿਸੇ ਲਈ ਆਰਾਮਦਾਇਕ ਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹਾਂ। ਇਹ ਬਦਕਿਸਮਤੀ ਦੀ ਗੱਲ ਹੈ ਕਿ ਮੈਂ ਪਵਿੱਤਰ ਸਮਾਰੋਹ ’ਚ ਸ਼ਾਮਲ ਨਹੀਂ ਹੋ ਸਕਦਾ ਕਿਉਂਕਿ ਮੈਂ ਕੁਝ ਕਾਰਨਾਂ ਕਰਕੇ 22 ਜਨਵਰੀ ਨੂੰ ਭਾਰਤ ’ਚ ਨਹੀਂ ਹਾਂ। ਸਿਰਫ਼ ਰਾਮ ਜੀ ਹੀ ਜਾਣਦੇ ਹਨ ਕਿ ਮੈਂ ਕਿੰਨਾ ਦੁਖੀ ਹਾਂ।’’

7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਤਾ ਸੱਦਾ
ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਦੁਪਹਿਰ 12:15 ਤੋਂ 12:45 ਦੇ ਵਿਚਕਾਰ ਤੈਅ ਕੀਤੀ ਗਈ ਹੈ। ਪੀ. ਐੱਮ. ਮੋਦੀ ਤੋਂ ਇਲਾਵਾ ਯੂ. ਪੀ. ਦੇ ਸੀ. ਐੱਮ. ਯੋਗੀ ਵੀ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਉਦਘਾਟਨ ’ਚ ਸ਼ਾਮਲ ਹੋਣਗੇ। ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ, ਯੂ. ਪੀ. ਦੀ ਰਾਜਪਾਲ ਆਨੰਦੀਬੇਨ ਪਟੇਲ ਤੇ ਮੰਦਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਵੀ ਇਸ ਸ਼ੁਭ ਮੌਕੇ ’ਤੇ ਮੌਜੂਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਮੰਦਰ ਟਰੱਸਟ ਵਲੋਂ 7000 ਤੋਂ ਵੱਧ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh