ਦੁਖ਼ਦਾਇਕ ਖ਼ਬਰ : ਲੋਕ ਗਾਇਕਾ ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ 'ਚ ਹੋਇਆ ਦਿਹਾਂਤ

11/21/2021 4:45:33 PM

ਅੰਮ੍ਰਿਤਸਰ (ਸੁਮਿਤ)- ਸੰਗੀਤ ਜਗਤ ਲਈ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਉਮਰ ਕਰੀਬ 77 ਸਾਲ ਸੀ ਅਤੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

ਪੰਜਾਬੀ ਲੋਕ ਗਾਇਕੀ 'ਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਨੇ ਆਪਣੇ ਨਾਮ ਕੀਤਾ ਸੀ। ਗੁਰਮੀਤ ਬਾਵਾ ਦੇ ਦਿਹਾਂਤ ਨਾਲ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਆਮ ਜਨਤਾ 'ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।

ਦੱਸ ਦਈਏ ਪਿਛਲੇ ਸਾਲ ਹੀ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦਿਹਾਂਤ ਹੋ ਗਿਆ ਸੀ । ਲਾਚੀ ਬਾਵਾ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਸੀ । ਲਾਚੀ ਬਾਵਾ ਨੇ ਗਾਇਕੀ ਦੇ ਗੁਰ ਆਪਣੀ ਮਾਂ ਗੁਰਮੀਤ ਬਾਵਾ ਤੋਂ ਹੀ ਲਏ ਸਨ ਅਤੇ ਗਾਇਕੀ ਦੀ ਗੁੜ੍ਹਤੀ ਦੋਵਾਂ ਭੈਣਾਂ ਨੂੰ ਆਪਣੀ ਮਾਤਾ ਤੋਂ ਹੀ ਮਿਲੀ ਸੀ, ਉਨ੍ਹਾਂ ਦੀ ਭੈਣ ਗਲੋਰੀ ਬਾਵਾ ਵੀ ਇਕ ਬਿਹਤਰੀਨ ਗਾਇਕਾ ਹਨ । ਅੱਜ ਆਪਣੀ ਲੰਮੀ ਹੇਕ ਲਈ ਜਾਣੀ ਜਾਂਦੀ ਗੁਰਮੀਤ ਬਾਵਾ ਦੇ ਇਸ ਤਰ੍ਹਾਂ ਚੱਲੇ ਜਾਣ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘੱਟਾ ਪਇਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਪਾਵੇਗਾ।

ਦੱਸਣਯੋਗ ਹੈ ਕਿ ਸਾਲ 2019 ‘ਚ ਲੋਕ ਗਾਇਕਾ ਗੁਰਮੀਤ ਕੌਰ ਬਾਵਾ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਨਮਾਨ ਮਿਲਿਆ ਸੀ। ਗੁਰਮੀਤ ਬਾਵਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਐਵਾਰਡ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ ਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ ਵੀ ਮਿਲ ਚੁੱਕੇ ਹਨ।

Aarti dhillon

This news is Content Editor Aarti dhillon