‘ਦਿ ਰੇਲਵੇ ਮੈਨ’ ਦਾ ਟਰੇਲਰ ਰਿਲੀਜ਼, ਭੋਪਾਲ ਗੈਸ ਤ੍ਰਾਸਦੀ ਦੇ ਅਣਜਾਣ ਨਾਇਕਾਂ ਦੀ ਦਿਸੇਗੀ ਕਹਾਣੀ

10/28/2023 5:17:19 PM

ਮੁੰਬਈ (ਬਿਊਰੋ)– ਦੁਨੀਆ ਦੇ ਸਭ ਤੋਂ ਵੱਡੇ ਉਦਯੋਗਿਕ ਦੁਖਾਂਤਾਂ ’ਚੋਂ ਇਕ ਭੋਪਾਲ ਗੈਸ ਤ੍ਰਾਸਦੀ ਬਾਰੇ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। 2 ਦਸੰਬਰ, 1984 ਨੂੰ ਵਾਪਰੇ ਇਸ ਹਾਦਸੇ ’ਚ 2000 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਸੀ। ਭੋਪਾਲ ਦੀ ਇਕ ਕੈਮੀਕਲ ਫੈਕਟਰੀ ਤੋਂ ਗੈਸ ਲੀਕ ਹੋਈ ਸੀ, ਜੋ ਹੌਲੀ-ਹੌਲੀ ਪੂਰੇ ਸ਼ਹਿਰ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਫੈਲ ਗਈ। ਇਹ ਮਿਥਾਇਲ ਆਈਸੋਸਾਈਨੇਟ (ਐੱਮ. ਆਈ. ਸੀ.) ਗੈਸ ਸੀ, ਜਿਸ ਨੇ ਸ਼ਹਿਰ ਦੇ ਲਗਭਗ 6 ਲੱਖ ਕਰਮਚਾਰੀਆਂ ਤੇ ਨਿਵਾਸੀਆਂ ਨੂੰ ਨੁਕਸਾਨ ਪਹੁੰਚਾਇਆ ਸੀ।

ਹੁਣ ਨੈੱਟਫਲਿਕਸ ’ਤੇ ਇਕ ਸੀਰੀਜ਼ ਰਿਲੀਜ਼ ਹੋਵੇਗੀ, ਜਿਸ ’ਚ ਇਸ ਦੁਖਾਂਤ ਦੀ ਕਹਾਣੀ ਦਿਖਾਈ ਜਾਵੇਗੀ। ਇਸ ਦਾ ਨਾਂ ‘ਦਿ ਰੇਲਵੇ ਮੈਨ’ ਹੈ। ਸੀਰੀਜ਼ ’ਚ ਸ਼ਹਿਰ ਦੇ ਉਨ੍ਹਾਂ ਅਣਪਛਾਤੇ ਲੋਕਾਂ ਨੂੰ ਦਿਖਾਇਆ ਜਾਵੇਗਾ, ਜਿਨ੍ਹਾਂ ਨੇ ਔਖੇ ਸਮੇਂ ’ਚ ਸ਼ਹਿਰ ਦੇ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਸੀ। ਇਸ ਸੀਰੀਜ਼ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਇਹ ਖ਼ਬਰ ਵੀ ਪੜ੍ਹੋ : ਆਤਿਫ ਅਸਲਮ ਦੇ ਕੰਸਰਟ ’ਚ ਫੈਨ ਨੇ ਲੁਟਾਏ ਪੈਸੇ, ਗੁੱਸੇ ’ਚ ਆਏ ਗਾਇਕ ਨੇ ਵਿਚਾਲੇ ਛੱਡਿਆ ਪ੍ਰੋਗਰਾਮ

‘ਦਿ ਰੇਲਵੇ ਮੈਨ’ ਦਾ ਟੀਜ਼ਰ ਕੈਮੀਕਲ ਫੈਕਟਰੀ ਦੇ ਸੀਨ ਨਾਲ ਸ਼ੁਰੂ ਹੁੰਦਾ ਹੈ। ਜ਼ਿਆਦਾ ਦਬਾਅ ਕਾਰਨ ਇਥੇ ਪਾਈਪ ਫੱਟ ਜਾਂਦੀ ਹੈ, ਜਿਸ ਤੋਂ ਬਾਅਦ ਗੈਸ ਫੈਲਣ ਲੱਗਦੀ ਹੈ। ਤੁਸੀਂ ਅਦਾਕਾਰ ਆਰ. ਮਾਧਵਨ ਨੂੰ ਬੋਲਦੇ ਸੁਣ ਸਕਦੇ ਹੋ। ਇਸ ਸੀਰੀਜ਼ ’ਚ ਮਾਧਵਨ ਰਤੀ ਪਾਂਡੇ ਦੀ ਭੂਮਿਕਾ ’ਚ ਹਨ, ਜੋ ਉਸ ਸਮੇਂ ਸੈਂਟਰਲ ਰੇਲਵੇ ਦੀ GM ਸੀ। ਉਹ ਕਹਿੰਦਾ ਹੈ, ‘‘ਇਕ ਹਾਦਸਾ ਹੋ ਗਿਆ। ਵੱਡਾ ਹਾਦਸਾ, ਪੁਰਾਣੇ ਭੋਪਾਲ ’ਚ ਇਕ ਕੈਮੀਕਲ ਫੈਕਟਰੀ ’ਚੋਂ ਗੈਸ ਲੀਕ ਹੋਈ ਹੈ। ਸ਼ਹਿਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਫਿਲਹਾਲ ਭੋਪਾਲ ਜੰਕਸ਼ਨ ਰੇਲਵੇ ਦੇ ਨਕਸ਼ੇ ਤੋਂ ਗਾਇਬ ਹੋ ਗਿਆ ਹੈ।’’

ਟੀਜ਼ਰ ’ਚ ਮਾਧਵਨ ਦੇ ਨਾਲ ਕੇ. ਕੇ. ਮੈਨਨ ਭੋਪਾਲ ਦੇ ਜੰਕਸ਼ਨ ਸਟੇਸ਼ਨ ਮਾਸਟਰ ਦੀ ਭੂਮਿਕਾ ’ਚ ਨਜ਼ਰ ਆਉਣਗੇ ਤੇ ਬਾਬਿਲ ਖ਼ਾਨ ਲੋਕੋਮੋਟਿਵ ਪਾਇਲਟ ਦੀ ਭੂਮਿਕਾ ’ਚ ਨਜ਼ਰ ਆਉਣਗੇ। ‘ਮਿਰਜ਼ਾਪੁਰ’ ਫੇਮ ਦਿਵਯੇਂਦੂ ਸ਼ਰਮਾ ਵੀ ਇਸ ਸ਼ੋਅ ਦਾ ਹਿੱਸਾ ਹਨ। ਸੀਰੀਜ਼ ਦੇ ਟੀਜ਼ਰ ’ਚ ਗੈਸ ਤੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਮਦਦ ਲਈ ਸਾਰੇ ਮਿਲ ਕੇ ਕੰਮ ਕਰ ਰਹੇ ਹਨ। ਹਰ ਪਾਸੇ ਲੋਕ ਭੱਜ-ਦੌੜ ਕਰਦੇ ਦੇਖੇ ਜਾ ਸਕਦੇ ਹਨ। ਕਈ ਸਾਹ ਨਾ ਲੈ ਸਕਣ ਕਾਰਨ ਸੜਕਾਂ ’ਤੇ ਡਿੱਗ ਰਹੇ ਹਨ। ਟੀਜ਼ਰ ਦਾ ਬੈਕਗਰਾਊਂਡ ਮਿਊਜ਼ਿਕ ਤੁਹਾਡੇ ਦਿਲ ਦੀ ਧੜਕਣ ਨੂੰ ਵਧਾ ਦਿੰਦਾ ਹੈ। ਟੀਜ਼ਰ ਤੋਂ ਸਾਫ ਹੈ ਕਿ ਇਹ ਸੀਰੀਜ਼ ਕਾਫੀ ਦਮਦਾਰ ਹੋਣ ਵਾਲੀ ਹੈ।

ਨਿਰਦੇਸ਼ਕ ਸ਼ਿਵ ਰਾਵੇਲ ਵਲੋਂ ਬਣਾਈ ਗਈ ਸੀਰੀਜ਼ ‘ਦਿ ਰੇਲਵੇ ਮੈਨ’ 18 ਨਵੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਇਸ ’ਚ ਚਾਰ ਐਪੀਸੋਡਸ ਹੋਣਗੇ। ਇਸ ਸੀਰੀਜ਼ ਨੂੰ ਯਸ਼ਰਾਜ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh