ਵਿਵਾਦਾਂ ’ਚ ਘਿਰੇ ਅਜੇ ਦੇਵਗਨ, ਮੱਧ ਪ੍ਰਦੇਸ਼ ’ਚ ਉਠੀ ਫ਼ਿਲਮ ਨੂੰ ਬੈਨ ਕਰਨ ਦੀ ਮੰਗ

09/20/2022 5:19:15 PM

ਮੁੰਬਈ (ਬਿਊਰੋ)– ‘ਥੈਂਕ ਗੌਡ’ ਫ਼ਿਲਮ ਦਾ ਟਰੇਲਰ ਜਦੋਂ ਤੋਂ ਰਿਲੀਜ਼ ਹੋਇਆ ਹੈ, ਵਿਵਾਦਾਂ ਦੇ ਬੱਦਲ ਛਾਅ ਗਏ ਹਨ। ਫ਼ਿਲਮ ’ਚ ਚਿਤਰਗੁਪਤ ਬਣੇ ਅਜੇ ਦੇਵਗਨ ਵੀ ਇਸ ’ਚ ਫੱਸਦੇ ਜਾ ਰਹੇ ਹਨ। ਪਹਿਲਾਂ ਜੌਨਪੁਰ ਦੇ ਕਾਯਸਥ ਸਮਾਜ ਨੇ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਮੱਧ ਪ੍ਰਦੇਸ਼ ਦੇ ਮੰਤਰੀ ਵਿਸ਼ਵਾਸ ਸਾਰੰਗ ਨੇ ਕੇਂਦਰੂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਚਿੱਠੀ ਲਿਖ ਕੇ ਫ਼ਿਲਮ ਦੇ ਕੁਝ ਦ੍ਰਿਸ਼ਾਂ ’ਤੇ ਇਤਰਾਜ਼ ਜਤਾਇਆ ਹੈ।

ਮੰਤਰੀ ਵਿਸ਼ਵਾਸ ਸਾਰੰਗ ਨੇ ਦੋਸ਼ ਲਗਾਇਆ ਹੈ ਕਿ ਫ਼ਿਲਮ ’ਚ ਕਾਯਸਥ ਸਮਾਜ ਦੇ ਭਗਵਾਨ ਚਿਤਰਗੁਪਤ ਨੂੰ ਇਤਰਾਜ਼ਯੋਗ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ। ਉਥੇ ਦੂਜੇ ਪਾਸੇ ਹੁਣ ਫ਼ਿਲਮ ਖ਼ਿਲਾਫ਼ ਕਾਯਸਥ ਸਮਾਜ ਸੜਕਾਂ ’ਤੇ ਵੀ ਉਤਰ ਆਇਆ ਹੈ। ਭੋਪਾਲ ’ਚ ਪ੍ਰਦਰਸ਼ਨ ਕਰਕੇ ਇਸ ਫ਼ਿਲਮ ’ਤੇ ਬੈਨ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਇਮਰਾਨ ਹਾਸ਼ਮੀ ’ਤੇ ਪੱਥਰਬਾਜ਼ੀ, ਸ਼ੂਟਿੰਗ ਖ਼ਤਮ ਕਰਕੇ ਨਿਕਲੇ ਸੀ ਘੁੰਮਣ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਮੰਗਲਵਾਰ ਨੂੰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਾਯਸਥ ਸਮਾਜ ਦੇ ਲੋਕ ਪਹੁੰਚੇ। ਸਾਰਿਆਂ ਨੇ ਸ਼ਿਵਰਾਜ ਸਰਕਾਰ ’ਚ ਮੰਤਰੀ ਵਿਸ਼ਵਾਸ ਸਾਰੰਗ ਨੂੰ ਮਿਲ ਕੇ ਅਜੇ ਦੇਵਗਨ ਦੀ ਫ਼ਿਲਮ ‘ਥੈਂਕ ਗੌਡ’ ’ਤੇ ਵਿਰੋਧ ਜ਼ਾਹਿਰ ਕੀਤਾ। ਕਾਯਸਥ ਸਮਾਜ ਦੇ ਲੋਕਾਂ ਦਾ ਦੋਸ਼ ਹੈ ਕਿ ਬਾਲੀਵੁੱਡ ’ਚ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਦਾ ਇਤਰਾਜ਼ਯੋਗ ਚਿੱਤਰਣ ਘੱਟ ਨਹੀਂ ਹੋ ਰਿਹਾ ਹੈ।

ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ ’ਚ ਵੀ ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਭਗਵਾਨ ਚਿਤਰਗੁਪਤ ਨੂੰ ਦਿਖਾਇਆ ਗਿਆ ਹੈ, ਉਹ ਇਤਰਾਜ਼ਯੋਗ ਹੈ। ਇਸ ਲਈ ਜਾਂ ਤਾਂ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਫ਼ਿਲਮ ਤੋਂ ਹਟਾਇਆ ਜਾਵੇ ਜਾਂ ਫਿਰ ਮੱਧ ਪ੍ਰਦੇਸ਼ ’ਚ ਫ਼ਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh