ਥਾਲਾਪਤੀ ਵਿਜੇ ਦੀ ਫ਼ਿਲਮ ‘ਲਿਓ’ ਦਾ ਧਮਾਕੇਦਾਰ ਅਨਾਊਂਸਮੈਂਟ ਟੀਜ਼ਰ ਰਿਲੀਜ਼ (ਵੀਡੀਓ)

02/04/2023 12:03:19 PM

ਮੁੰਬਈ (ਬਿਊਰੋ)– ਹਿੰਦੀ ’ਚ ਜ਼ਬਰਦਸਤ ਕਮਾਈ ਕਰ ਰਹੀਆਂ ਦੱਖਣ ਦੀਆਂ ਫ਼ਿਲਮਾਂ ਦੀ ਪਾਰਟੀ ’ਚ ਤਾਮਿਲ ਸੁਪਰਸਟਾਰ ਥਾਲਾਪਤੀ ਵਿਜੇ ਵੀ ਸ਼ਾਮਲ ਹੋਣ ਜਾ ਰਹੇ ਹਨ। ਵਿਜੇ ਦੀ ਪੈਨ ਇੰਡੀਆ ਫ਼ਿਲਮ ‘ਲਿਓ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਨਿਰਦੇਸ਼ਕ ਲੋਕੇਸ਼ ਕਾਨਾਗਰਾਜ ਦੀ ਇਸ ਫ਼ਿਲਮ ਨੂੰ ਪਹਿਲਾਂ ‘ਥਾਲਾਪਤੀ 67’ ਕਿਹਾ ਜਾ ਰਿਹਾ ਸੀ। ਅਨਾਊਂਸਮੈਂਟ ਟੀਜ਼ਰ ਦੇ ਨਾਲ ਫ਼ਿਲਮ ਦੇ ਟਾਈਟਲ ਦੀ ਪੁਸ਼ਟੀ ਵੀ ਹੋ ਗਈ ਹੈ।

‘ਲਿਓ’ ’ਚ ਥਾਲਾਪਤੀ ਵਿਜੇ ਦਾ ਕਿਰਦਾਰ ਤੂਫ਼ਾਨੀ ਐਕਸ਼ਨ ਕਰਨ ਲਈ ਤਿਆਰ ਨਜ਼ਰ ਆ ਰਿਹਾ ਹੈ। ਫ਼ਿਲਮ ਗੈਂਗਸਟਰ-ਡਰਾਮਾ ਕਿਸਮ ਦਾ ਅਹਿਸਾਸ ਦੇ ਰਹੀ ਹੈ ਤੇ ਇਸ ’ਚ ਵੱਡੇ ਪਰਦੇ ਨੂੰ ਅੱਗ ਲਾਉਣ ਲਈ ਲੋੜੀਂਦੇ ਸਾਰੇ ਮਸਾਲੇ ਹਨ। ਵਿਜੇ ਦੇ ਐਕਸ਼ਨ ਲਈ ਤਿਆਰ ਹੋਣ ਦੇ ਨਾਲ ਹੀ ‘ਲਿਓ’ ਦੇ ਟੀਜ਼ਰ ਦਾ ਬੈਕਗਰਾਊਂਡ ਮਿਊਜ਼ਿਕ ਕਾਫੀ ਸ਼ਾਂਤ ਮਾਹੌਲ ਪੈਦਾ ਕਰ ਰਿਹਾ ਹੈ। ਫ਼ਿਲਮ ਦਾ ਸੰਗੀਤ ਅਨਿਰੁਧ ਰਵੀਚੰਦਰ ਨੇ ਦਿੱਤਾ ਹੈ। ਲੋਕੇਸ਼ ਕਾਨਾਗਰਾਜ ਦੀ ਪਿਛਲੀ ਫ਼ਿਲਮ ‘ਵਿਕਰਮ’ ਕਾਫੀ ਹਿੱਟ ਰਹੀ ਸੀ ਤੇ ਇਸ ਨੇ ਦੁਨੀਆ ਭਰ ’ਚ 400 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਫ਼ਿਲਮ ‘ਕਲੀ ਜੋਟਾ’, ਦੇਖੋ ਪਬਲਿਕ ਰੀਵਿਊ

ਲੋਕੇਸ਼ ਨੇ ‘ਵਿਕਰਮ’ ਦੀ ਕਹਾਣੀ ਨੂੰ ਆਪਣੀ ਫ਼ਿਲਮ ‘ਕੈਥੀ’ ਨਾਲ ਜੋੜ ਕੇ ‘ਲੋਕੀ ਸਿਨੇਮੈਟਿਕ ਯੂਨੀਵਰਸ’ ਦੀ ਸ਼ੁਰੂਆਤ ਕੀਤੀ। ਹਾਲਾਂਕਿ ‘ਲਿਓ’ ਨੂੰ ਨਿਰਮਾਤਾਵਾਂ ਵਲੋਂ ਇਕ ਵੱਖਰੀ ਫ਼ਿਲਮ ਵਜੋਂ ਪੇਸ਼ ਕੀਤਾ ਗਿਆ ਹੈ ਪਰ ਪੂਰਾ ਟੀਜ਼ਰ ਸੰਕੇਤਾਂ ਨਾਲ ਭਰਿਆ ਹੋਇਆ ਹੈ, ਜੋ ਇਸ ਨੂੰ ‘ਲੋਕੀ ਯੂਨੀਵਰਸ’ ਤੇ ‘ਵਿਕਰਮ’ ਨਾਲ ਜੋੜਦੇ ਹਨ। ਸੋਸ਼ਲ ਮੀਡੀਆ ’ਤੇ ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ ਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ‘ਲਿਓ’ ‘ਵਿਕਰਮ’ ਦੀ ਕਹਾਣੀ ਨਾਲ ਜੁੜੀ ਹੈ।

ਥਾਲਾਪਤੀ ਵਿਜੇ ਸਟਾਰਰ ਫ਼ਿਲਮ ‘ਲਿਓ’ ਦਾ ਧਮਾਕੇਦਾਰ ਟੀਜ਼ਰ ਆਉਂਦਿਆਂ ਹੀ ਸਿਨੇਮਾ ਪ੍ਰਸ਼ੰਸਕਾਂ ’ਚ ਫ਼ਿਲਮ ਦਾ ਮਾਹੌਲ ਗਰਮਾ ਗਿਆ। ਪ੍ਰਸ਼ੰਸਕਾਂ ਨੇ ਲੋਕੇਸ਼ ਦੇ ਟ੍ਰੇਡਮਾਰਕ ਐਕਸ਼ਨ ਬਿਲਡ ਅੱਪ ਤੇ ਅਨਿਰੁਧ ਦੇ ਸੰਗੀਤ ਨੂੰ ਇੰਨਾ ਪਸੰਦ ਕੀਤਾ ਕਿ ਇਸ ਨੇ ਜਲਦ ਹੀ ਇਕ ਤਰ੍ਹਾਂ ਦਾ ਰਿਕਾਰਡ ਬਣਾਇਆ। ਰਿਪੋਰਟਾਂ ਦੱਸਦੀਆਂ ਹਨ ਕਿ ‘ਲਿਓ’ ਦਾ ਟੀਜ਼ਰ ਪਹਿਲੇ 6 ਘੰਟਿਆਂ ’ਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਨਾਊਂਸਮੈਂਟ ਟੀਜ਼ਰ ਬਣ ਗਿਆ ਹੈ। ਸ਼ੇਅਰ ਕੀਤੇ ਜਾਣ ਦੇ ਪਹਿਲੇ 6 ਘੰਟਿਆਂ ’ਚ ਇਸ ਨੂੰ ਯੂਟਿਊਬ ’ਤੇ 1.1 ਮਿਲੀਅਨ ਤੋਂ ਵੱਧ ਲਾਈਕਸ ਮਿਲੇ ਹਨ।

ਇਸ ਤੋਂ ਪਹਿਲਾਂ ਜਿਥੇ ਸ਼ਾਹਰੁਖ ਖ਼ਾਨ ਦੀ ‘ਜਵਾਨ’ ਨੂੰ ਉਸੇ ਸਮੇਂ ’ਚ 10 ਲੱਖ ਲਾਈਕਸ ਮਿਲੇ ਸਨ, ਉਥੇ ਹੀ ਲੋਕੇਸ਼ ਦੀ ਆਖਰੀ ਹਿੱਟ ਫ਼ਿਲਮ ‘ਵਿਕਰਮ’ ਦੀ ਅਨਾਊਂਸਮੈਂਟ ਵੀਡੀਓ ਨੂੰ 9 ਲੱਖ 38 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਸੀ, ਜਦਕਿ 6 ਘੰਟਿਆਂ ’ਚ ਚੌਥਾ ਸਭ ਤੋਂ ਵੱਧ ਪਸੰਦ ਕੀਤਾ ਗਿਆ ਅਨਾਊਂਸਮੈਂਟ ਟੀਜ਼ਰ ਸ਼ਾਹਰੁਖ ਦੀ ‘ਪਠਾਨ’ ਦਾ ਹੈ, ਜਿਸ ਨੂੰ 7 ਲੱਖ 46 ਹਜ਼ਾਰ ਲਾਈਕਸ ਮਿਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh