ਵੱਖਰੀ ਕਹਾਣੀ ਨਾਲ ਢਿੱਡੀਂ ਪੀੜਾਂ ਪਾਏਗੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’

09/08/2022 12:12:44 PM

ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ 9 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਅਖਿਲ, ਰੁਬੀਨਾ ਬਾਜਵਾ, ਪ੍ਰੀਤੀ ਸਪਰੂ ਤੇ ਗੁੱਗੂ ਗਿੱਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਇਸੇ ਸਿਲਸਿਲੇ ’ਚ ਅਖਿਲ, ਰੁਬੀਨਾ ਬਾਜਵਾ ਤੇ ਪ੍ਰੀਤੀ ਸਪਰੂ ਨੇ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨਾਲ ਖ਼ਾਸ ਮੁਲਾਕਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼–

ਸਵਾਲ– ਲੰਮੇ ਸਮੇਂ ਬਾਅਦ ਪੰਜਾਬੀ ਫ਼ਿਲਮਾਂ ’ਚ ਵਾਪਸੀ ਕਰ ਰਹੇ ਹੋ? ਕਿਵੇਂ ਦਾ ਲੱਗ ਰਿਹਾ ਹੈ?
ਪ੍ਰੀਤੀ ਸਪਰੂ–
ਪੰਜਾਬ ਮੈਨੂੰ ਹਮੇਸ਼ਾ ਪਿਆਰ ਦਿੰਦਾ ਰਿਹਾ ਹੈ ਤੇ ਮੈਂ ਪੰਜਾਬ ਨੂੰ। ਮੈਂ ਪੰਜਾਬੀ ਫ਼ਿਲਮਾਂ ਕਰਕੇ ਹਿੰਦੀ ਫ਼ਿਲਮਾਂ ਕਰਨੀਆਂ ਛੱਡ ਦਿੱਤੀਆਂ ਸਨ। ਬਹੁਤ ਸਾਰੇ ਵੱਡੀਆਂ ਫ਼ਿਲਮਾਂ ਦੇ ਆਫਰ ਆਉਂਦੇ ਸਨ ਪਰ ਮੈਂ ਪੰਜਾਬੀ ਦਰਸ਼ਕਾਂ ਦਾ ਕਦੇ ਮੋਹ ਨਹੀਂ ਛੱਡਿਆ।

ਸਵਾਲ– ਕੀ ਤੁਹਾਨੂੰ ਲੱਗਦਾ ਹੈ ਕਿ ਜੀਵਨਸਾਥੀ ਚੁਣਨ ਦੀ ਕੋਈ ਉਮਰ ਹੱਦ ਨਹੀਂ ਹੁੰਦੀ?
ਅਖਿਲ–
ਮੈਨੂੰ ਲੱਗਦਾ ਹੈ ਕਿ ਇਸ ’ਚ ਕੁਝ ਗਲਤ ਨਹੀਂ ਹੈ। ਜਦੋਂ ਤੁਸੀਂ ਜਵਾਨ ਹੁੰਦੇ ਹੋ, ਉਦੋਂ ਤੁਸੀਂ ਇਕੱਲੇ ਰਹਿਣਾ ਪਸੰਦ ਕਰਦੇ ਹੋ ਪਰ ਜਦੋਂ ਤੁਹਾਡੀ ਉਮਰ ਢਲਣ ਲੱਗਦੀ ਹੈ ਤੇ ਤੁਸੀਂ 45 ਟੱਪਦੇ ਹੋ ਤਾਂ ਤੁਸੀਂ ਇਕੱਲਾ ਮਹਿਸੂਸ ਕਰਨ ਲੱਗਦੇ ਹੋ। ਇਹ ਮੈਂ ਆਪਣੀ ਜ਼ਿੰਦਗੀ ’ਚ ਦੇਖਿਆ ਹੈ ਤੇ ਉਨ੍ਹਾਂ ਨੂੰ ਚਾਹ ਦਾ ਕੱਪ ਫੜਾਉਣ ਵਾਲਾ ਵੀ ਕੋਈ ਨਹੀਂ ਹੁੰਦਾ। ਜੇ ਉਸ ਉਮਰ ’ਚ ਤੁਹਾਡਾ ਵਿਆਹ ਹੋ ਜਾਂਦਾ ਹੈ ਤਾਂ ਇਸ ’ਚ ਕੁਝ ਗਲਤ ਨਹੀਂ ਹੈ।

ਸਵਾਲ– ਗੁੱਗੂ ਗਿੱਲ ਨਾਲ ਕੰਮ ਕਰਕੇ ਕਿਵੇਂ ਦਾ ਲੱਗ ਰਿਹਾ ਹੈ?
ਰੁਬੀਨਾ ਬਾਜਵਾ–
ਮੈਂ ਗੁੱਗੂ ਗਿੱਲ ਨੂੰ ਨੀਰੂ ਬਾਜਵਾ ਦੀ ਫ਼ਿਲਮ ‘ਰੋਂਦੇ ਸਾਰੇ ਵਿਆਹ ਪਿੱਛੋਂ’ ਦੇ ਸੈੱਟ ’ਤੇ ਮਿਲੀ ਸੀ ਤੇ ਉਦੋਂ ਤੋਂ ਹੀ ਮੈਂ ਉਨ੍ਹਾਂ ਦੀ ਫੈਨ ਹੋ ਗਈ। ਉਹ ਇਕ ਲੈਜੰਡ ਹਨ ਤੇ ਉਨ੍ਹਾਂ ਨਾਲ ਕੰਮ ਕਰਕੇ ਬੇਹੱਦ ਵਧੀਆ ਲੱਗ ਰਿਹਾ ਹੈ ਤੇ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ ਹੈ।

ਸਵਾਲ– ਅਖਿਲ ਨੂੰ ਆਪਣੀ ਫ਼ਿਲਮ ਲਈ ਕਿਵੇਂ ਚੁਣਿਆ?
ਪ੍ਰੀਤੀ ਸਪਰੂ–
ਮੈਂ ਆਪਣੀ ਫ਼ਿਲਮ ਲਈ ਇਕ ਕਾਲਜ ਸਟੂਡੈਂਟ ਲੁੱਕ ਵਾਲਾ ਹੀਰੋ ਲੱਭ ਰਹੀ ਸੀ। ਅਖਿਲ ਨੂੰ ਦੇਖਦਿਆਂ ਹੀ ਮੈਨੂੰ ਲੱਗਾ ਕਿ ਇਹ ਮੇਰੀ ਫ਼ਿਲਮ ਦੇ ਹੀਰੋ ਦੇ ਕਿਰਦਾਰ ਲਈ ਬਿਲਕੁਲ ਫਿੱਟ ਹੈ। ਸਾਡੀ ਮੀਟਿੰਗ ਅਚਾਨਕ ਕਿਸੇ ਕੰਪਨੀ ਦੇ ਦਫ਼ਤਰ ’ਚ ਹੋਈ ਤੇ ਜਦੋਂ ਅਸੀਂ ਆਪਸ ’ਚ ਗੱਲਬਾਤ ਕੀਤੀ ਤਾਂ ਅਖਿਲ ਨੂੰ ਫਾਈਨਲ ਕਰ ਲਿਆ।

ਸਵਾਲ– ਤੁਸੀਂ ਕਿਵੇਂ ਦਾ ਜੀਵਨਸਾਥੀ ਚਾਹੁੰਦੇ ਹੋ?
ਅਖਿਲ–
ਮੈਂ ਇਸ ਬਾਰੇ ਕਦੇ ਸੋਚਿਆ ਹੀ ਨਹੀਂ। ਮੈਂ ਹੁਣ ਸਿੰਗਲ ਹਾਂ ਤੇ ਮੈਨੂੰ ਲੱਗਦਾ ਹੈ ਕਿ ਹੁਣ ਮੇਰਾ ਵਿਆਹ ਹੀ ਹੋਵੇਗਾ, ਰਿਲੇਸ਼ਨਸ਼ਿਪ ਨਹੀਂ। ਘਰ ਦਾ ਮਾਹੌਲ ਵੀ ਇਹੀ ਬਣ ਗਿਆ ਹੈ ਕਿ ਸਾਰੇ ਚਾਹੁੰਦੇ ਹਨ ਕਿ ਮੇਰਾ ਵਿਆਹ ਹੋ ਜਾਵੇ। ਬਾਕੀ ਜੋ ਅੱਗੇ ਹੋਵੇਗਾ, ਉਹ ਸਮਾਂ ਆਉਣ ’ਤੇ ਪਤਾ ਲੱਗ ਹੀ ਜਾਣਾ।

ਸਵਾਲ– ਤੁਹਾਨੂੰ ਆਪਣੇ ਜੀਵਨਸਾਥੀ ’ਚ ਕਿਹੜੀਆਂ ਚੀਜ਼ਾਂ ਚਾਹੀਦੀਆਂ ਸਨ, ਜੋ ਹੁਣ ਤੁਹਾਨੂੰ ਮਿਲ ਚੁੱਕੀਆਂ ਹਨ?
ਰੁਬੀਨਾ ਬਾਜਵਾ–
ਸਾਨੂੰ ਇਕ-ਦੂਜੇ ਦੀ ਕੰਪਨੀ ਬਹੁਤ ਪਸੰਦ ਹੈ। ਨਾ ਸਿਰਫ ਜੀਵਨਸਾਥੀ ਵਾਲਾ ਰਿਸ਼ਤਾ, ਸਗੋਂ ਅਸੀਂ ਚੰਗੇ ਦੋਸਤ ਵੀ ਹਾਂ। ਸਾਡੇ ਦੋਵਾਂ ਦੀ ਫੈਮਿਲੀ ਵੀ ਕਾਫੀ ਵੱਡੀ ਹੈ, ਜੋ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੀ ਹੈ।

ਸਵਾਲ– ਫ਼ਿਲਮ ਦੀ ਕਹਾਣੀ ਵੱਖਰੀ ਹੈ? ਕਿਵੇਂ ਦਿਮਾਗ ’ਚ ਆਈ?
ਪ੍ਰੀਤੀ ਸਪਰੂ–
ਵੱਧ ਉਮਰ ’ਚ ਵਿਆਹ ਕਰਵਾਉਣਾ ਹੁਣ ਕਾਫੀ ਨਾਰਮਲ ਹੋ ਰਿਹਾ ਹੈ। ਵਿਦੇਸ਼ਾਂ ’ਚ ਤਾਂ ਇਹ ਚੀਜ਼ ਕਾਫੀ ਆਮ ਹੈ ਪਰ ਇਥੇ ਵੀ ਹੁਣ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਮੇਰੀ ਆਪਣੀ ਦੋਸਤ ਨੇ ਵੱਧ ਉਮਰ ’ਚ ਵਿਆਹ ਕਰਵਾਇਆ ਹੈ। ਮੈਂ ਸੋਚਿਆ ਕਿਉਂ ਨਾ ਇਸ ਨੂੰ ਫ਼ਿਲਮ ’ਚ ਦਿਖਾਇਆ ਜਾਵੇ, ਉਹ ਵੀ ਕਾਮੇਡੀ ਢੰਗ ਨਾਲ।

ਸਵਾਲ– ਡੈਬਿਊ ਫ਼ਿਲਮ ਕਰਨ ਸਮੇਂ ਕਿਹੜੀਆਂ ਚੀਜ਼ਾਂ ਦਿਮਾਗ ’ਚ ਚੱਲ ਰਹੀਆਂ ਸਨ?
ਅਖਿਲ–
ਮੈਂ ਫ਼ਿਲਮਾਂ ’ਚ ਡੈਬਿਊ 2016-17 ’ਚ ਵੀ ਕਰ ਸਕਦਾ ਸੀ। ਉਸ ਸਮੇਂ ਵੀ ਮੇਰੇ ਕੋਲ ਕੁਝ ਕਹਾਣੀਆਂ ਆਈਆਂ ਪਰ ਉਨ੍ਹਾਂ ਦੇ ਕਿਰਦਾਰਾਂ ਨਾਲ ਮੈਂ ਖ਼ੁਦ ਨੂੰ ਰਿਲੇਟ ਨਹੀਂ ਕਰ ਸਕਿਆ। ਮੇਰੀ ਗੀਤਾਂ ’ਚ ਇਮੇਜ ਕੁਝ ਹੋਰ ਹੈ ਤੇ ਉਨ੍ਹਾਂ ਫ਼ਿਲਮਾਂ ’ਚ ਮੇਰਾ ਕਿਰਦਾਰ ਬਿਲਕੁਲ ਉਲਟ ਚਲਾ ਜਾਣਾ ਸੀ। ਮੈਂ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਦਾ ਮੈਂ ਹਾਂ, ਉਸ ਤਰ੍ਹਾਂ ਦੇ ਕਿਰਦਾਰ ਨੂੰ ਪਹਿਲਾਂ ਪਰਦੇ ’ਤੇ ਲੈ ਕੇ ਆਵਾਂ।

Rahul Singh

This news is Content Editor Rahul Singh