26 ਜਨਵਰੀ ਦੇ ਮਾਹੌਲ ਨੂੰ ਦੇਖ ਕੇ ਬੋਲੀ ਤਾਪਸੀ ਪਨੂੰ, ‘ਇਹ ਨੇ ਸਾਡੇ ਦੇਸ਼ ਦੇ ਹਾਲਾਤ’

01/27/2021 5:22:35 PM

ਨਵੀਂ ਦਿੱਲੀ (ਬਿਊਰੋ)– ਗਣਤੰਤਰ ਦਿਵਸ ਦੇ ਮੌਕੇ ’ਤੇ ਜਿਥੇ ਰਾਜਪਥ ’ਤੇ ਪਰੇਡ ਨਿਕਲ ਰਹੀ ਸੀ ਤੇ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ, ਉਥੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਸਨ। ਖੇਤੀ ਕਾਨੂੰਨਾਂ ਨੂੰ ਖਤਮ ਕੀਤੇ ਜਾਣ ਦੀ ਮੰਗ ’ਤੇ ਡਟੇ ਕਿਸਾਨਾਂ ਨੇ ਗਣਤੰਤਰ ਦਿਵਸ ’ਤੇ ਟਰੈਕਟਰ ਰੈਲੀ ਕੱਢਣ ਦੀ ਮੰਗ ਕੀਤੀ ਸੀ ਪਰ ਹੁਣ ਸਿੰਘੂ ਬਾਰਡਰ ਤੋਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ ਤੇ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਹੈ।

ਤਾਪਸੀ ਪਨੂੰ ਦੇ ਟਵੀਟ ’ਚ ਐੱਨ. ਡੀ. ਟੀ. ਵੀ. ਦੇ ਦੋ ਟਵੀਟਸ ਦੀਆਂ ਤਸਵੀਰਾਂ ਨੂੰ ਦਿਖਾਇਆ ਗਿਆ ਹੈ। ਇਨ੍ਹਾਂ ’ਚੋਂ ਇਕ ’ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਲੋਕ ਕਿਸਾਨਾਂ ’ਤੇ ਫੁੱਲਾਂ ਦੀ ਵਰਖਾਂ ਕਰ ਰਹੇ ਹਨ ਤੇ ਦੂਜੇ ਪਾਸੇ ਪ੍ਰਸ਼ਾਸਨ ਕਿਸਾਨਾਂ ’ਤੇ ਲਾਠੀਚਾਰਜ ਕਰ ਰਿਹਾ ਹੈ ਤੇ ਹੰਝੂ ਗੈਸ ਦੇ ਗੋਲੇ ਛੱਡ ਰਿਹਾ ਹੈ।

ਇਸ ਨੂੰ ਲੈ ਕੇ ਤਾਪਸੀ ਪਨੂੰ ਨੇ ਆਪਣੇ ਟਵੀਟ ’ਚ ਲਿਖਿਆ ਹੈ, ‘ਮੇਰੀ ਟਾਈਮਲਾਈਨ ’ਤੇ ਬੈਕ ਟੂ ਬੈਕ ਇਹ ਦੋ ਆਈਟਮ ਸਾਡੇ ਦੇਸ਼ ਦੇ ਹਾਲਾਤ ਬਾਰੇ ਕਾਫੀ ਕੁਝ ਕਹਿ ਦਿੰਦੀਆਂ ਹਨ।’

ਇਸ ਤਰ੍ਹਾਂ ਤਾਪਸੀ ਨੇ ਕਿਸਾਨਾਂ ਦੇ ਮਸਲੇ ’ਤੇ ਆਪਣੀ ਰਾਏ ਰੱਖੀ ਹੈ। ਤਾਪਸੀ ਦੇ ਇਨ੍ਹਾਂ ਟਵੀਟਸ ’ਤੇ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਦੱਸਣਯੋਗ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਤੇ ਹੰਝੂ ਗੈਸ ਦੇ ਗੋਲੇ ਛੱਡੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh