‘ਗੰਗੂਬਾਈ ਕਾਠਿਆਵਾੜੀ’ : ਆਲੀਆ ਭੱਟ ਤੇ ਸੰਜੇ ਲੀਲਾ ਭੰਸਾਲੀ ਨੂੰ ਕੋਰਟ ਨੇ ਭੇਜਿਆ ਸੰਮਨ

03/25/2021 11:52:57 AM

ਮੁੰਬਈ (ਬਿਊਰੋ)– ਅਦਾਕਾਰਾ ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਦਾ ਜਦੋਂ ਤੋਂ ਐਲਾਨ ਹੋਇਆ ਹੈ, ਉਦੋਂ ਤੋਂ ਫ਼ਿਲਮ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖ਼ੀਆਂ ’ਚ ਬਣੀ ਹੋਈ ਹੈ। ਬੀਤੇ ਦਿਨੀਂ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਚਰਚਾ ’ਚ ਸੀ ਤੇ ਹੁਣ ਆਲੀਆ ਭੱਟ ਨਾਲ ਹੀ ਫ਼ਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਤੇ ਲੇਖਕ ਨੂੰ ਮਝਗਾਂਵ ਕੋਰਟ ਵਲੋਂ ਸੰਮਨ ਜਾਰੀ ਹੋਇਆ ਹੈ।

ਅਸਲ ’ਚ ਪਟੀਸ਼ਨਕਰਤਾ ਬਾਬੂ ਰਾਵਜੀ ਸ਼ਾਹ (ਗੰਗੂਬਾਈ ਦਾ ਗੋਦ ਲਿਆ ਬੇਟਾ) ਦਾ ਕਹਿਣਾ ਹੈ ਕਿ ‘ਗੰਬੂਬਾਈ ਕਾਠਿਆਵਾੜੀ’ ਦੇ ਚਲਦਿਆਂ ਉਸ ਦੇ ਪਰਿਵਾਰ ਦੀ ਬਦਨਾਮੀ ਹੋ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ ’ਚ ਕਈ ਤੱਥ ਗਲਤ ਦਿਖਾਏ ਜਾਣ ਦੀ ਵੀ ਗੱਲ ਆਖੀ ਗਈ ਹੈ। ਅਜਿਹੇ ’ਚ ਹੁਣ ਆਲੀਆ, ਭੰਸਾਲੀ ਦੇ ਨਾਲ ਹੀ ਫ਼ਿਲਮ ਦੇ ਲੇਖਕ ਨੂੰ ਵੀ ਮਝਗਾਂਵ ਕੋਰਟ ਨੇ ਸੰਮਨ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ 21 ਮਈ ਨੂੰ ਕੋਰਟ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਸ ਤੋਂ ਪਹਿਲਾਂ ਮਹਾਰਾਸ਼ਟਰ ਕਾਂਗਰਸ ਦੇ ਵਿਧਾਇਕ ਅਮੀਨ ਪਟੇਲ ਨੇ ਫ਼ਿਲਮ ਦਾ ਨਾਂ ਬਦਲਣ ਦੀ ਮੰਗ ਕੀਤੀ ਸੀ। ਅਮੀਨ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੀ ਵਜ੍ਹਾ ਕਾਰਨ ਕਮਾਠੀਪੁਰਾ ਦੇ ਅਸਲ ਇਤਿਹਾਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਕਾਠੀਪੁਰਾ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਤੇ ਇਹ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਖਤਰਨਾਕ ਹੋਵੇਗਾ।

ਦੱਸਣਯੋਗ ਹੈ ਕਿ ਫ਼ਿਲਮ 30 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਸੰਜੇ ਲੀਲਾ ਭੰਸਾਲੀ ਦੀ ਕਿਸੇ ਫ਼ਿਲਮ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲ ਰਿਹਾ ਹੋਵੇ। ਇਸ ਤੋਂ ਪਹਿਲਾਂ ਫ਼ਿਲਮ ‘ਪਦਮਾਵਤ’ ਨੂੰ ਲੈ ਕੇ ਵੀ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਸੀ। ਇਕ ਪਾਸੇ ਜਿਥੇ ਸੰਜੇ ’ਤੇ ਹਮਲਾ ਹੋਇਆ ਸੀ, ਉਥੇ ਉਸ ’ਤੇ ਕਰਣੀ ਸੈਨਾ ਨੇ ਇਨਾਮ ਦਾ ਵੀ ਐਲਾਨ ਕਰ ਦਿੱਤਾ ਸੀ। ਫ਼ਿਲਮ ਦਾ ਨਾਂ ਵੀ ਬਦਲਿਆ ਗਿਆ ਸੀ, ਹਾਲਾਂਕਿ ਬਾਅਦ ’ਚ ਮਾਮਲਾ ਠੰਡਾ ਹੋ ਗਿਆ ਤੇ ਫ਼ਿਲਮ ਤੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ।

ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh