ਪੰਜਾਬੀ ਸੰਗੀਤ ਜਗਤ ਨੂੰ ਹਮੇਸ਼ਾ ਰੜਕਦੀ ਰਹੇਗੀ ਧਰਮਪ੍ਰੀਤ ਦੀ ਘਾਟ, ਅੱਜ ਦੇ ਦਿਨ ਸੰਸਾਰ ਨੂੰ ਆਖਿਆ ਸੀ ਅਲਵਿਦਾ

06/08/2021 3:21:13 PM

ਚੰਡੀਗੜ੍ਹ (ਬਿਊਰੋ)– ਧਰਮਪ੍ਰੀਤ ਮਿੱਠੇ ਬੋਲਾਂ ਦਾ ਮਾਲਕ, ਉਦਾਸ ਗੀਤਾਂ ਦਾ ਬਾਦਸ਼ਾਹ ਤੇ ਦਰਦ ਭਰੀ ਆਵਾਜ਼ ਨਾਲ ਲੱਖਾਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਗਾਇਕ ਸੀ। ਉਸ ਦਾ ਜਨਮ 9 ਜੁਲਾਈ, 1973 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਕਿਲਾਸਪੁਰ ਵਿਖੇ ਪਿਤਾ ਜਗਰੂਪ ਸਿੰਘ ਦੇ ਘਰ ਹੋਇਆ। ਪਹਿਲਾਂ ਧਰਮਪ੍ਰੀਤ ਦਾ ਨਾਂ ਭੁਪਿੰਦਰ ਸਿੰਘ ਧਰਮਾ ਸੀ ਤੇ ਲੋਕ ਉਸ ਨੂੰ ਪਿਆਰ ਨਾਲ ‘ਧਰਮਾ’ ਆਖ ਕੇ ਬੁਲਾਉਂਦੇ ਸਨ। ਉਸ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ।

ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਨੇ ਬਣਾਇਆ ਸ਼ਾਗਿਰਦ
ਧਰਮਪ੍ਰੀਤ ਕਵੀਸ਼ਰੀ ਤੇ ਗੁਰਬਾਣੀ ਦਾ ਕੀਰਤਨ ਵੀ ਕਰਦਾ ਸੀ, ਜਿਸ ਦੀ ਮਿੱਠੀ ਆਵਾਜ਼ ਤੋਂ ਪੰਜਾਬ ਦੇ ਪ੍ਰਸਿੱਧ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਕਾਫ਼ੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਉਸ ਨੂੰ ਆਪਣਾ ਸ਼ਾਗਿਰਦ ਹੀ ਨਹੀਂ ਬਣਾਇਆ, ਸਗੋਂ ਆਪਣੇ ਪੁੱਤਰ ਵਾਂਗ ਪਿਆਰ ਦਿੱਤਾ। ਇਸ ਹੀਰੇ ਨੂੰ ਅਜਿਹਾ ਤਰਾਸ਼ਿਆ ਕਿ ਇਸ ਦੀ ਚਮਕ ਸਾਰੀ ਦੁਨੀਆ ਨੂੰ ਦਿਖਾਈ ਦੇਣ ਲੱਗੀ।

ਕੈਸਿਟਾਂ ਦੀ ਰਿਕਾਰਡ ਵਿਕਰੀ ਨੇ ਰਚਿਆ ਇਤਿਹਾਸ
ਅਲਬੇਲਾ ਸਾਹਿਬ ਤੇ ਗੀਤਕਾਰ ਦੀਪਾ ਘੋਲੀਆ ਨੇ ਧਰਮੇ ਦੀ ਆਵਾਜ਼ ’ਚ ਪਹਿਲੀ ਐਲਬਮ ‘ਖ਼ਤਰਾ ਹੈ ਸੋਹਣਿਆਂ ਨੂੰ’ ਸਾਲ 1993 ’ਚ ਰਿਲੀਜ਼ ਕੀਤੀ। ਧਰਮੇ ਤੋਂ ਧਰਮਪ੍ਰੀਤ ਉਹ ਉਦੋਂ ਬਣਿਆ, ਜਦੋਂ ਸਾਲ 1997 ’ਚ ਗੀਤਕਾਰ ਦੀਪਾ ਘੋਲੀਆ ਦੀ ਪੇਸ਼ਕਸ਼ ਹੇਠ ‘ਦਿਲ ਨਾਲ ਖੇਡਦੀ ਰਹੀ’ ਕੈਸਿਟ ਮਾਰਕੀਟ ’ਚ ਆਈ। ਇਸ ਨਾਲ ਉਹ ਰਾਤੋਂ-ਰਾਤ ਸਟਾਰ ਬਣ ਗਿਆ ਤੇ ਉਸ ਦੀਆਂ 23 ਲੱਖ ਆਰੀਜਨਲ ਕੈਸਿਟਾਂ ਵਿਕੀਆਂ, ਜੋ ਇਤਿਹਾਸ ’ਚ ਇਕ ਰਿਕਾਰਡ ਸੀ। ਇਸ ਤੋਂ ਬਾਅਦ ਉਸ ਦੀ ਮੁਲਾਕਾਤ ਪੰਜਾਬ ਦੇ ਨਾਮੀ ਗੀਤਕਾਰ ਭਿੰਦਰ ਡੌਂਬਵਾਲੀ ਨਾਲ ਹੋਈ ਤੇ ਇਸ ਜੋੜੀ ਨੇ ਕਈ ਸੁਪਰ-ਡੁਪਰ ਹਿੱਟ ਕੈਸਿਟਾਂ ਦਿੱਤੀਆਂ। ਉਸ ਦੀਆਂ ਲਗਭਗ ਸਾਰੀਆਂ ਹੀ ਐਲਬਮਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਉਸ ਦੇ ਗੀਤਾਂ ’ਚ ਬੇਸ਼ੱਕ ਉਦਾਸੀ ਸੀ ਪਰ ਸੁਣਨ ਵਾਲਿਆਂ ਨੂੰ ਸਕੂਨ ਬਹੁਤ ਮਿਲਦਾ ਸੀ।

ਗੀਤਾਂ ’ਚ ਸੁਣਨ ਨੂੰ ਮਿਲਦੀ ਰਹੀ ਰਿਸ਼ਤਿਆਂ ਦੀ ਗੱਲ
ਧਰਮਪ੍ਰੀਤ ਦੀ ਆਵਾਜ਼ ’ਚ ਸਾਹਿਤਕ ਮੱਸ ਵਾਲਾ ਗੀਤ ‘ਸੁਰਜੀਤ ਪਾਤਰ ਦੀ ਗ਼ਜ਼ਲ ਜਿਹਾ ਤੇਰਾ ਮੁੱਖੜਾ ਨੀ ਕੁੜੀਏ’ ਬਹੁਤ ਮਕਬੂਲ ਹੋਇਆ। ‘ਨਿੱਕੇ-ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ, ਕਾਹਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ’, ‘ਮੈਨੂੰ ਕਰਕੇ ਪਰਾਈ ਕਿਵੇਂ ਲੱਗੂ ਤੇਰਾ ਜੀਅ ਬਾਬਲਾ’, ‘ਪੁਲਸ ਵਾਲਿਆਂ ਵਾਂਗੂ ਰਹਿੰਨੈਂ ਰੋਅਬ ਮਾਰਦਾ ਵੇ’ ਵਰਗੇ ਗੀਤਾਂ ’ਚ ਰਿਸ਼ਤਿਆਂ ਦੀ ਗੱਲ ਸੁਣਨ ਨੂੰ ਮਿਲੀ। ਉਸ ਨੇ ਕੁਲਦੀਪ ਰਸੀਲਾ ਨਾਲ ਦੋਗਾਣਾ ਗਾਇਕੀ ’ਚ ਨਵਾਂ ਤਜਰਬਾ ਕੀਤਾ, ਜਿਸ ਨੂੰ ਸਰੋਤਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਉਸ ਨੂੰ ਚਾਹੁਣ ਵਾਲੇ ਅੱਜ ਵੀ ਉਸ ਦੇ ਗੀਤ ਪੂਰੀ ਰੂਹ ਨਾਲ ਸੁਣਦੇ ਹਨ। ਪੰਜਾਬੀ ਸੰਗੀਤ ਜਗਤ ਦਾ ਇਹ ਹੀਰਾ 8 ਜੂਨ, 2015 ਨੂੰ ਪਤਾ ਨਹੀਂ ਦਿਲ ’ਚ ਕਿਹੜਾ ਗ਼ਮ ਲੁਕੋ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਪੰਜਾਬੀ ਸੰਗੀਤ ਤੇ ਦੇਸ਼-ਵਿਦੇਸ਼ ’ਚ ਵੱਸਦੇ ਲੱਖਾਂ ਚਾਹੁਣ ਵਾਲਿਆਂ ਨੂੰ ਉਸ ਦੀ ਘਾਟ ਸਦਾ ਰੜਕਦੀ ਰਹੇਗੀ।

ਨੋਟ– ਧਰਮਪ੍ਰੀਤ ਦਾ ਕਿਹੜਾ ਗੀਤ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh