ਮੂਸੇ ਵਾਲਾ ਦੇ ਮਾਪਿਆਂ ਦਾ ਦਰਦ, ਕਿਹਾ- ‘ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ, ਇਹ ਮਰਵਾ ਦਿੰਦੀ ਹੈ’

06/01/2022 1:54:26 PM

ਮਾਨਸਾ (ਬਿਊਰੋ)– ਜਿਸ ਸ਼ਾਨ ਨਾਲ ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਨੇ ਜ਼ਿੰਦਗੀ ਦੇ 28 ਸਾਲ ਬਤੀਤ ਕੀਤੇ, ਉਸੇ ਸ਼ਾਨ ਨਾਲ ਪਿੰਡ ਮੂਸਾ ’ਚ ਉਸ ਦੇ ਚਾਹੁਣ ਵਾਲਿਆਂ ਨੇ ਉਸ ਨੂੰ ਅੰਤਿਮ ਵਿਦਾਈ ਦਿੱਤੀ। ਪਿੰਡ ਦਾ ਅਜਿਹਾ ਕੋਈ ਸ਼ਖ਼ਸ ਨਹੀਂ, ਜੋ ਸਸਕਾਰ ’ਚ ਸ਼ਾਮਲ ਨਾ ਹੋਇਆ ਹੋਵੇ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮੌਤ ਤੋਂ ਬਾਅਦ ਦਲੇਰ ਮਹਿੰਦੀ ਦਾ ਬਿਆਨ, ‘ਗੰਨ ਕਲਚਰ ਨੂੰ ਹੁੰਗਾਰਾ ਦੇਣ ਵਾਲੇ ਗੀਤਾਂ ’ਤੇ ਹੋਵੇ ਐਕਸ਼ਨ’

ਨਾ ਸਿਰਫ ਪੰਜਾਬ, ਸਗੋਂ ਹੋਰਨਾਂ ਸੂਬਿਆਂ ਤੋਂ ਵੀ ਹਜ਼ਾਰਾਂ ਪ੍ਰਸ਼ੰਸਕ ਆਪਣੇ ਚਹੇਤੇ ਸਿਤਾਰੇ ਨੂੰ ਆਖਰੀ ਵਾਰ ਦੇਖਣ ਲਈ ਆਏ। 43 ਡਿਗਰੀ ਦੀ ਗਰਮੀ ਮੰਨੋ ਜਿਵੇਂ ਕਿਸੇ ਨੂੰ ਮਹਿਸੂਸ ਹੀ ਨਹੀਂ ਹੋ ਰਹੀ ਸੀ। ਮਹਿਸੂਸ ਹੋ ਰਿਹਾ ਸੀ ਤਾਂ ਆਪਣੇ ਚਹੇਤੇ ਕਲਾਕਾਰ ਦੇ ਜਾਣ ਦਾ ਦੁੱਖ। ਇਕ ਤੋਂ ਇਕ ਮਹਿੰਗੀ ਗੱਡੀ ਦੇ ਮਾਲਕ ਸਿੱਧੂ ਜਿਸ ਟਰੈਕਟਰ 5911 ’ਤੇ ਟਸ਼ਨ ਦਿਖਾਉਂਦੇ ਸਨ, ਉਸੇ ’ਤੇ ਅੰਤਿਮ ਯਾਤਰਾ ਕੱਢੀ ਗਈ।

ਜ਼ਮੀਨ ਨਾਲੇ ਜੁੜੇ ਮੂਸੇ ਵਾਲਾ ਦਾ ਸਸਕਾਰ ਸ਼ਮਸ਼ਾਨਘਾਟ ਦੀ ਬਜਾਏ ਪਿੰਡ ’ਚ ਹੀ ਉਸ ਦੇ ਖੇਤਾਂ ’ਚ ਕੀਤਾ ਗਿਆ। ਖੇਤਾਂ ’ਚ ਸਵੇਰੇ 11 ਵਜੇ ਤੋਂ ਖੜ੍ਹੇ ਲੋਕ ਢਾਈ ਵਜੇ ਤਕ ਸਸਕਾਰ ਹੋਣ ਤਕ ਟੱਸ ਤੋਂ ਮੱਸ ਨਹੀਂ ਹੋਏ। ਪੁੱਤਰ ਦੇ ਚਾਹੁਣ ਵਾਲਿਆਂ ਦਾ ਇਹ ਪਿਆਰ ਦੇਖ ਕੇ ਮੂਸੇ ਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਵੀ ਪੱਗ ਲਾਹ ਕੇ ਉਨ੍ਹਾਂ ਦਾ ਧੰਨਵਾਦ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸ਼ਮਹੂਰ ਗਾਇਕ kk ਦਾ ਦਿਹਾਂਤ, PM ਮੋਦੀ ਸਮੇਤ ਕਈ ਸ਼ਖਸੀਅਤਾਂ ਨੇ ਪ੍ਰਗਟਾਇਆ ਦੁੱਖ

ਅੰਤਿਮ ਯਾਤਰਾ ਤੋਂ ਪਹਿਲਾਂ ਮਾਂ-ਪਿਓ ਨੇ ਆਪਣੇ ਪੁੱਤ ਨੂੰ ਲਾੜੇ ਵਾਂਗ ਤਿਆਰ ਕੀਤਾ। ਪਿਤਾ ਵਾਰ-ਵਾਰ ਉਸ ਦਾ ਮੱਥਾ ਚੁੰਮਦਾ ਸੀ, ਉਸ ਦੀਆਂ ਮੁੱਛਾਂ ਨੂੰ ਵੱਟ ਦਿੰਦਾ ਸੀ। ਮਾਂ ਚਰਨ ਕੌਰ ਤਾਂ ਆਪਣੇ ਪੁੱਤ ਨੂੰ ਨਜ਼ਰਾਂ ਟਿਕਾ ਕੇ ਵੇਖਦੀ ਹੀ ਰਹੀ।

ਸਸਕਾਰ ਤੋਂ ਪਹਿਲਾਂ ਛਲਕਿਆ ਮਾਪਿਆਂ ਦਾ ਦਰਦ
ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕਿਹਾ, ‘‘ਉਨ੍ਹਾਂ ਨੇ ਸਿੱਧੂ ਨਹੀਂ, ਇਕ ਮਜ਼ਦੂਰ ਦਾ ਪੁੱਤ ਮਾਰਿਆ ਹੈ। ਅਸੀਂ ਪਤਨੀ-ਪਤਨੀ ਮਜ਼ਦੂਰੀ ਕਰਕੇ ਪੁੱਤਰ ਨੂੰ ਇਥੋਂ ਤਕ ਲੈ ਕੇ ਆਏ ਸੀ। ਆਮਦਨ ਬਹੁਤ ਘੱਟ ਸੀ, ਰੋਟੀ ਬੜੀ ਮੁਸ਼ਕਿਲ ਨਾਲ ਪੂਰੀ ਹੁੰਦੀ ਸੀ। ਜਿਸ ਦਿਨ ਸੋਸ਼ਲ ਮੀਡੀਆ ’ਤੇ ਸੁਰੱਖਿਆ ਘਟਾਉਣ ਦੀਆਂ ਖ਼ਬਰਾਂ ਆਈਆਂ, ਉਸੇ ਦਿਨ ਸਾਡੇ ਘਰ ਦੇ ਅੱਗੇ ਗੱਡੀਆਂ ਘੁੰਮਣ ਲੱਗੀਆਂ। ਅਸੀਂ ਆਪਣੇ ਪੁੱਤ ਨੂੰ ਘਰ ’ਚ ਰੋਕ ਕੇ ਰੱਖਿਆ। ਅਸੀਂ ਇਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਜ਼ਿਆਦਾ ਤਰੱਕੀ ਮਰਵਾ ਦਿੰਦੀ ਹੈ। ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ। ਅੱਜ ਸਾਡਾ ਘਰ ਉੱਜੜ ਗਿਆ। ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਕੋਈ ਕੰਮ ਕਰੋ ਪਰ ਸੋਸ਼ਲ ਮੀਡੀਆ ’ਤੇ ਅਪਲੋਡ ਨਾ ਕਰੋ। ਕਿਸੇ ਨੇ ਸਾਨੂੰ ਗੈਂਗਸਟਰਾਂ ਨਾਲ ਜੋੜ ਦਿੱਤਾ। ਮੈਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਫੌਜ ’ਚ ਬਤੀਤ ਕੀਤਾ ਹੈ। ਲੇਹ ਲੱਦਾਖ ਵਰਗੀ ਜਗ੍ਹਾ ’ਚ -30 ਡਿਗਰੀ ਸੈਲਸੀਅਸ ਤਾਪਮਾਨ ’ਚ ਡਿਊਟੀ ਕੀਤੀ, ਕੀ ਮੈਂ ਆਪਣੇ ਦੇਸ਼ ਦੇ ਖ਼ਿਲਾਫ਼ ਇਕ ਵੀ ਅਪਸ਼ਬਦ ਸੁਣਾਂਗਾ। ਸਾਡੇ ਬੱਚੇ ਨੂੰ ਸਰਕਾਰ ਨੇ ਮਾਰਿਆ ਹੈ। ਮੈਨੂੰ ਆਪਣੇ ਪੁੱਤ ਦੀ ਮੌਤ ’ਤੇ ਮਾਣ ਹੈ ਪਰ ਉਸ ਦੀ ਘਾਟ ਮੈਨੂੰ ਮਰਦੇ ਦਮ ਤਕ ਰੜਕਦੀ ਰਹੇਗੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh